ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ’ਚ ਵਿੱਦਿਆਰਥੀਆਂ ਦੀ ਮਾਈਮ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ
ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ’ਚ ਵਿੱਦਿਆਰਥੀਆਂ ਦੀ ਮਾਈਮ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Sat, 06 Dec 2025 06:10 PM (IST)
Updated Date: Sat, 06 Dec 2025 06:12 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਦੀ ਮਾਈਮ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰ ਕੇ ਕਾਲਜ ਅਤੇ ਡੇਰਾਬੱਸੀ ਖੇਤਰ ਦਾ ਨਾਮ ਰੌਸ਼ਨ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਜੋਂ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ’ਚ ਹਿੱਸਾ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਲਗਾਤਾਰ ਅਭਿਆਸ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀ ਮਾਈਮ ਟੀਮ ਨੇ ਇਸ ਤੋਂ ਪਹਿਲਾਂ ਰੋਪੜ-ਫ਼ਤਿਹਗੜ੍ਹ ਸਾਹਿਬ ਖੇਤਰ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਕਾਲੜਾ ਨੇ ਦੱਸਿਆ ਕਿ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਸੂਬੇ ਦੀਆਂ ਕੁੱਲ 20 ਯੂਨੀਵਰਸਿਟੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਦੀ ਮਾਈਮ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਰਕਾਰੀ ਕਾਲਜ ਡੇਰਾਬੱਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਇਤਿਹਾਸਕ ਜਿੱਤ ਉੱਪਰ ਪ੍ਰਿੰਸੀਪਲ ਨੇ ਮਾਈਮ ਟੀਮ ਦੇ ਮੈਂਬਰ ਵਿਦਿਆਰਥੀਆਂ ਕਰਮਜੀਤ ਸਿੰਘ, ਅਜੇ, ਗੁੱਡੀ ਕੁਮਾਰੀ, ਪ੍ਰਭਾਤ ਯਾਦਵ, ਚੇਤਨਾ, ਆਸਥਾ ਅਤੇ ਸ਼ਾਲੂ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੋਂ ਹੋਰ ਵੀ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ।