ਐੱਸਪੀਐੱਸ ਵੱਲੋਂ ਜਾਰੀ ਸੂਚੀ ਵਿਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਇਆਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਂ ਸ਼ਾਮਲ ਹਨ। ਪੁਲਿਸ ਮੁਤਚਾਬਕ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਕੈਨੇਡਾ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦਾ ਨਾਂ ਲਗਾਤਾਰ ਰੰਗਦਾਰੀ, ਗੈਂਗਵਾਰ ਤੇ ਫਾਇਰਿੰਗ ਦੀਆਂ ਘਟਨਾਵਾਂ ਵਿਚ ਆਉਣ ਮਗਰੋਂ ਉੱਥੋਂ ਦੀਆਂ ਸੁਰੱਖਿਆ ਏਜੰਸੀਆਂ ਨੇ ਸਖ਼ਤੀ ਵਧਾ ਦਿੱਤੀ ਹੈ। ਹਾਲ ਹੀ ਵਿਚ ਸਰੀ ਪੁਲਿਸ ਸਰਵਿਸ (ਐੱਸਪੀਐੱਸ) ਵੱਲੋਂ ਭਾਰਤੀ ਮੂਲ ਦੇ ਸੱਤ ਨੌਜਵਾਨਾਂ ਦੀਆਂ ਤਸਵੀਰਾਂ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿਚ ਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਰੰਗਦਾਰੀ, ਹਥਿਆਰਾਂ ਦੀ ਵਰਤੋਂ ਅਤੇ ਸੰਗਠਤ ਅਪਰਾਧ ਨਾਲ ਜੁੜੇ ਮਾਮਲਿਆਂ ਵਿਚ ਜਾਂਚ ਦੇ ਘੇਰੇ ਵਿਚ ਹਨ।
ਐੱਸਪੀਐੱਸ ਵੱਲੋਂ ਜਾਰੀ ਸੂਚੀ ਵਿਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਇਆਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਂ ਸ਼ਾਮਲ ਹਨ। ਪੁਲਿਸ ਮੁਤਚਾਬਕ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸੇ ਕਾਰਨ ਕੈਨੇਡੀਅਨ ਜਨਤਾ ਤੋਂ ਜਾਣਕਾਰੀ ਇਕੱਠੀ ਕਰਨ ਲਈ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਨੇ ਵੀ ਕਾਰਵਾਈ ਕਰਦਿਆਂ ਕੁਝ ਨੌਜਵਾਨਾਂ ਨੂੰ ਡਿਪੋਰਟ ਕੀਤਾ ਹੈ। ਲਵਬੀਰ ਤੇ ਪ੍ਰਭਜੋਤ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ।
ਪਿਛਲੇ ਦੋ ਸਾਲਾਂ ਦੌਰਾਨ ਕੈਨੇਡਾ ’ਚ ਸਰਗਰਮ ਪੰਜਾਬ ਮੂਲ ਦੇ ਕਈ ਨੌਜਵਾਨਾਂ ਦੇ ਨਾਂ ਗੈਂਗਵਾਰ, ਨਸ਼ਿਆਂ ਦੀ ਸਮਗਲਿੰਗ, ਰੰਗਦਾਰੀ ਅਤੇ ਗੋਲ਼ੀਬਾਰੀ ਮਾਮਲਿਆਂ ਵਿਚ ਸਾਹਮਣੇ ਆਏ ਹਨ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਦਰਜਨਾਂ ਨੌਜਵਾਨਾਂ ਨੂੰ ਜਾਂ ਤਾਂ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਡਿਪੋਰਟ ਕੀਤਾ ਗਿਆ ਹੈ। ਉੱਥੇ ਕਈ ਮਾਮਲਿਆਂ ਵਿਚ ਭਾਰਤ ਦੀਆਂ ਏਜੰਸੀਆਂ ਨੇ ਵੀ ਇਨਪੁੱਟ ਸਾਂਝੇ ਕੀਤੇ ਹਨ। ਕੈਨੇਡਾ ਵਿਚ ਸਰਗਰਮ ਕੁਝ ਅਪਰਾਧੀ ਟੋਲਿਆਂ ਦੇ ਤਾਰ ਪੰਜਾਬ ਤੇ ਵਿਦੇਸ਼ ਵਿਚ ਬੈਠੇ ਖ਼ਾਲਿਸਤਾਨੀ ਹਮਾਇਤੀ ਗਿਰੋਹਾਂ ਨਾਲ ਜੁੜੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾਂਦਾ ਰਿਹਾ ਹੈ।
ਕੈਨੇਡਾ ਤੇ ਭਾਰਤ ਦਰਮਿਆਨ ਹਾਲੀਆ ਸਾਲਾਂ ਵਿਚ ਖ਼ਾਲਿਸਤਾਨੀਆਂ ਦੀ ਹਲਚਲ ਵੱਡਾ ਮੁੱਦਾ ਬਣੀ ਹੋਈ ਹੈ। ਭਾਰਤ ਪਹਿਲਾਂ ਵੀ ਕਈ ਲੋੜੀਂਦੇ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਸੂਚੀ ਕੈਨੇਡਾ ਸਰਕਾਰ ਨੂੰ ਸੌਂਪ ਚੁੱਕਾ ਹੈ। ਇਨ੍ਹਾਂ ਵਿੱਚੋਂ ਕੁਝ ਅਨਸਰਾਂ ਨੂੰ ਭਾਰਤ ’ਚ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਵੀ ਵਿਦੇਸ਼ਾਂ ਵਿਚ ਬੈਠੇ ਕਈ ਖ਼ਾਲਿਸਤਾਨ ਹਮਾਇਤੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਪੰਜਾਬ ਵਿਚ ਹੋਈਆਂ ਕਈ ਟਾਰਗੈੱਟ ਕਿਲਿੰਗ ਅਤੇ ਫ਼ਿਰੌਤੀ ਦੇ ਮਾਮਲਿਆਂ ’ਚ ਵਿਦੇਸ਼ ਤੋਂ ਹਦਾਇਤਾਂ ਦੇਣ ਦੀ ਗੱਲ ਜਾਂਚ ਦੌਰਾਨ ਸਾਹਮਣੇ ਆ ਚੁੱਕੀ ਹੈ।
ਫਾਇਰਿੰਗ ਮਾਮਲੇ ’ਚ ਸਰੋਆ ਗ੍ਰਿਫ਼ਤਾਰ
ਸਰੀ ਪੁਲਿਸ ਨੇ 27 ਸਾਲਾ ਜਸਕਰਨ ਸਰੋਆ ਦੀ ਗ੍ਰਿਫ਼ਤਾਰੀ ਹੋਏ ਹੈ। ਸਰੋਆ ’ਤੇ ਇਕ ਰਿਹਾਇਸ਼ੀ ਇਲਾਕੇ ਵਿਚ ਫਾਇਰਿੰਗ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ 13 ਅਪ੍ਰੈਲ ਨੂੰ ਘਰ ’ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਬਾਅਦ ਵਿਚ ਸ਼ੱਕੀ ਵਾਹਨ ਦੀ ਸ਼ਨਾਖ਼ਤ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰੋਆ ਫ਼ਿਲਹਾਲ ਉਹ ਨਿਆਂਇਕ ਹਿਰਾਸਤ ਵਿਚ ਹੈ।