ਸੂਬਾ ਪੱਧਰੀ ਕ੍ਰਿਕਟ ਮੁਕਾਬਲੇ : ਐੱਸਏਐੱਸ ਨਗਰ ਟੀਮ ਬਣੀ ਚੈਂਪੀਅਨ
ਰਾਜ ਪੱਧਰੀ ਕ੍ਰਿਕਟ ਮੁਕਾਬਲੇ : ਲੜਕੀਆਂ ਦੇ 17 ਸਾਲ ਵਰਗ ’ਚ ਮੇਜ਼ਬਾਨ ਐੱਸਏਐੱਸ ਨਗਰ ਟੀਮ ਚੈਂਪੀਅਨ ਬਣੀ,
Publish Date: Thu, 20 Nov 2025 09:06 PM (IST)
Updated Date: Fri, 21 Nov 2025 04:14 AM (IST)

ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਡਾ: ਇੰਦੂ ਬਾਲਾ ਨੇ ਇਨਾਮਾਂ ਦੀ ਵੰਡ ਕੀਤੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ: ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸੂਬਾ ਪੱਧਰੀ ਖੇਡਾਂ ਦੌਰਾਨ 17 ਸਾਲ ਵਰਗ ਦੇ ਲੜਕੀਆਂ ਦੇ ਸੂਬਾ ਪੱਧਰੀ ਕ੍ਰਿਕਟ ਮੁਕਾਬਲੇ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਮੈਦਾਨ ’ਚ ਮੁਕੰਮਲ ਹੋਏ। ਫਸਵੇਂ ਫਾਈਨਲ ਦੌਰਾਨ ਸੁਪਰ ਓਵਰ ’ਚ ਪਟਿਆਲਾ ਨੂੰ ਹਰਾ ਕੇ ਮੇਜ਼ਬਾਨ ਐੱਸਏਐੱਸ ਨਗਰ ਦੀ ਟੀਮ ਨੇ ਟਰਾਫ਼ੀ ਆਪਣੇ ਨਾਂ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ. ਸਿੱ) ਡਾ. ਗਿੰਨੀ ਦੁੱਗਲ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਕ੍ਰਿਕਟ ਮੁਕਾਬਲਿਆਂ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਇਸ ਵਰਗ ਦੇ ਸੈਮੀਫਾਈਨਲ ਗੇੜ ’ਚ ਮੇਜ਼ਬਾਨ ਐੱਸਏਐੱਸ ਨਗਰ ਦੀ ਟੀਮ ਨੇ ਬਰਨਾਲਾ ਨੂੰ ਤੇ ਪਟਿਆਲਾ ਦੀ ਟੀਮ ਨੇ ਬਠਿੰਡਾ ਨੂੰ ਹਰਾ ਕੇ ਫਾਈਨਲ ’ਚ ਥਾਂ ਬਣਾਈ। ਪਟਿਆਲਾ ਦੇ ਐੱਸਏਐੱਸ ਨਗਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਫਾਈਨਲ ਮੈਚ ਬਹੁਤ ਹੀ ਫਸਵਾਂ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਟਿਆਲਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ’ਚ 7 ਵਿਕਟਾਂ ਗੁਆ ਦੇ 97 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਵੀ ਨਿਰਧਾਰਿਤ 20 ਓਵਰਾਂ ’ਚ 97 ਦੌੜਾਂ ਹੀ ਬਣਾ ਸਕੀ। ਮੇਜ਼ਬਾਨ ਟੀਮ ਵੱਲੋਂ ਅਨਹਤ ਕੌਰ ਸੰਧੂ ਨੇ ਸਭ ਤੋਂ ਵੱਧ 49 ਦੌੜਾਂ ਦਾ ਯੋਗਦਾਨ ਪਾਇਆ। ਸੁਪਰ ਓਵਰ ਦੌਰਾਨ ਮੇਜ਼ਬਾਨ ਐੱਸਏਐੱਸ ਨਗਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਦੌੜਾਂ ਦਾ ਟੀਚਾ ਦਿੱਤਾ ਪਰ ਪਟਿਆਲਾ ਦੀ ਟੀਮ ਕੇਵਲ 2 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੇਜ਼ਬਾਨ ਐੱਸਏਐੱਸ ਨਗਰ ਦੀ ਟੀਮ ਸੰਘਰਸ਼ ਭਰਪੂਰ ਰਹੇ ਮੈਚ ਨੂੰ ਜਿੱਤ ਕੇ ਚੈਂਪੀਅਨ ਬਣੀ। ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ’ਚ ਬਰਨਾਲਾ ਨੂੰ ਹਰਾ ਕੇ ਬਠਿੰਡਾ ਨੇ ਤੀਜਾ ਸਥਾਨ ਆਪਣੇ ਨਾਂ ਕੀਤਾ, ਜਦਕਿ ਬਰਨਾਲਾ ਨੂੰ ਚੌਥਾ ਸਥਾਨ ਮਿਲਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤੀ। ਉਨ੍ਹਾਂ ਖਿਡਾਰਨਾਂ ਵੱਲੋਂ ਦਿਖਾਈ ਖੇਡ ਦੀ ਸ਼ਲਾਘਾ ਕੀਤੀ ਤੇ ਮੇਜ਼ਬਾਨ ਟੀਮ ਨੂੰ ਕੌਮੀ ਖੇਡਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਡਾ. ਇੰਦੂ ਬਾਲਾ ਨੇ ਦੱਸਿਆ ਕਿ ਜੇਤੂ ਟੀਮ ਕੌਮੀ ਸਕੂਲ ਖੇਡਾਂ ’ਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ ਕ੍ਰਿਸ਼ਨ ਮਹਿਤਾ ਨੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।