ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਦੀ ਸੇਵਾ ਕੀਤੀ
ਬਰੁੱਕਫੀਲਡ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਭਾ ਅਤੇ ਲੰਗਰ ਸੇਵਾ ਦਾ ਆਯੋਜਨ
Publish Date: Tue, 30 Dec 2025 06:58 PM (IST)
Updated Date: Tue, 30 Dec 2025 07:02 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕੁਰਾਲੀ: ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਬਹਾਦਰੀ ਅਤੇ ਅਤੁੱਟ ਵਿਸ਼ਵਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ। ਇਸ ਮੌਕੇ ਸਕੂਲ ਦੇ ਐੱਨਐੱਸਐੱਸ ਯੂਨਿਟ ਵੱਲੋਂ ਲੰਗਰ ਸੇਵਾ ਵੀ ਲਾਈ ਗਈ, ਜਿਸ ’ਚ ਵਿਦਿਆਰਥੀਆਂ ਨੇ ਨਿਸ਼ਕਾਮ ਸੇਵਾ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਸ਼ੁਰੂਆਤ ਕੋਆਰਡੀਨੇਟਰ ਮਿਸ ਦੀਪੂ ਨੇ ਸਾਹਿਬਜ਼ਾਦਿਆਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦੇ ਕੇ ਕੀਤੀ। ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਪ੍ਰੇਰਣਾਦਾਇਕ ਅਤੇ ਝੰਜੋੜ ਦੇਣ ਵਾਲੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਤਿਹਾਸਕ ਸਬਕਾਂ ਤੇ ਆਧਾਰਤ ਪੇਸ਼ਕਾਰੀ ਦਿੱਤੀ। ਦੂਜੀ ਜਮਾਤ ਦੇ ਨੰਨ੍ਹੇ ਵਿਦਿਆਰਥੀਆਂ ਨੇ ਬਹੁਤ ਹੀ ਭਾਵੁਕ ਸ਼ਬਦ ਅਤੇ ਕਵਿਤਾਵਾਂ ਗਾ ਕੇ ਮਾਹੌਲ ਨੂੰ ਸ਼ਰਧਾਪੂਰਵਕ ਬਣਾ ਦਿੱਤਾ। ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਫਿਲਮ ਦਿਖਾਈ ਗਈ ਤਾਂ ਜੋ ਉਹ ਧਰਮ ਅਤੇ ਸੱਚਾਈ ਦੇ ਮਾਰਗ ਨੂੰ ਸਮਝ ਸਕਣ। ਐੱਨਐੱਸਐੱਸ ਵਾਲੰਟੀਅਰਾਂ ਅਤੇ ਇੰਟਰਐਕਟ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਸਕੂਲ ਦੀ ਸਰਪ੍ਰਸਤ ਨੀਲਮ ਸਿੰਗਲਾ, ਪ੍ਰੈਜ਼ੀਡੈਂਟ ਮਾਨਵ ਸਿੰਗਲਾ ਦੀ ਅਗਵਾਈ ਹੇਠ ਸਫ਼ਾਈ ਅਤੇ ਅਨੁਸ਼ਾਸਨ ਦਾ ਖ਼ਾਸ ਧਿਆਨ ਰੱਖਿਆ ਗਿਆ। ਸਕੂਲ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਲਾਸਾਨੀ ਸ਼ਹਾਦਤਾਂ ਪ੍ਰਤੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿਚ ਬੇਮਿਸਾਲ ਹੈ। ਅਜਿਹੇ ਪ੍ਰੋਗਰਾਮਾਂ ਦਾ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਵਿਰਸੇ ਨਾਲ ਜੋੜਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਧਰਮ, ਨਿਡਰਤਾ ਅਤੇ ਮਾਨਵਤਾ ਦੀ ਸੇਵਾ ਦੇ ਗੁਣ ਵੀ ਸਿੱਖਣ ਤਾਂ ਜੋ ਉਹ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਸਕੂਲ ਦੀ ਸਰਪ੍ਰਸਤ ਨੀਲਮ ਸਿੰਗਲਾ ਨੇ ਧੰਨਵਾਦ ਕਰਦਿਆਂ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸੱਚ, ਹਿੰਮਤ ਅਤੇ ਦਇਆ ਨੂੰ ਰੋਜ਼ਾਨਾ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ।