Crime : ਨਸ਼ੇ 'ਚ ਟਲੀ ਪੁੱਤ ਨੇ ਅੱਧੀ ਰਾਤ ਪਿੰਡ ਵਾਲਿਆਂ ਨੂੰ ਪਾਈਆਂ ਭਾਜੜਾਂ, ਮਾਂ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਇਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਨਸ਼ੇੜੀ ਵਿਅਕਤੀ ਖਿਲਾਫ 103 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Thu, 04 Dec 2025 12:17 PM (IST)
Updated Date: Thu, 04 Dec 2025 12:19 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰੂਹਰਸਹਾਏ : ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਇਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਨਸ਼ੇੜੀ ਵਿਅਕਤੀ ਖਿਲਾਫ 103 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਵਾਸੀ ਚਾਂਦੀ ਵਾਲਾ ਨੇ ਦੱਸਿਆ ਕਿ ਉਸ ਦੀ ਸਾਲੀ ਕੋੜੋ ਬੀਬੀ ਜੋ ਜੱਗਾ ਸਿੰਘ ਪੁੱਤਰ ਘੁੱਲਾ ਸਿੰਘ ਵਾਸੀ ਮੋਹਨ ਕੇ ਉਤਾੜ ਨਾਲ ਵਿਆਹੀ ਹੋਈ ਸੀ । ਉਸ ਦੇ ਤਿੰਨ ਲੜਕੇ ਅਤੇ ਇਕ ਲੜਕੀ ਸੀ। ਲੜਕੀ ਦੀ ਮੌਤ ਹੋ ਚੁੱਕੀ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਤਿੰਨਾਂ ਲੜਕਿਆਂ ਵਿਚੋਂ ਵੱਡਾ ਲੜਕਾ ਗੁਰਦੀਪ ਸਿੰਘ, ਜੋ ਅਜੇ ਕੁਆਰਾ ਹੈ ਤੇ ਵਿਚਕਾਰਲਾ ਲੜਕਾ ਨਾਨਕ ਸਿੰਘ ਵਿਆਹਿਆ ਹੈ ਅਤੇ ਸਭ ਤੋਂ ਛੋਟਾ ਲੜਕਾ ਗੁਰਮੁੱਖ ਸਿੰਘ ਵੀ ਅਜੇ ਕੁਆਰਾ ਹੈ, ਜੋ ਮਿਹਨਤ ਮਜ਼ਦੂਰੀ ਕਰਦਾ ਹੈ।
ਗੁਰਦੀਪ ਸਿੰਘ ਨੇ ਦੱਸਿਆ ਕਿ ਨਾਨਕ ਸਿੰਘ ਜੋ ਸ਼ਰਾਬ ਦਾ ਨਸ਼ਾ ਕਰਨ ਦਾ ਆਦੀ ਹੈ ਤੇ ਅਕਸਰ ਹੀ ਆਪਣੀ ਮਾਤਾ ਅਤੇ ਭਰਾਵਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਮਿਤੀ 3 ਦਸੰਬਰ 2025 ਨੂੰ ਦੇਰ ਸ਼ਾਮ ਦੋਸ਼ੀ ਨਾਨਕ ਸਿੰਘ ਨੇ ਆਪਣੀ ਮਾਤਾ ਨਾਲ ਲੜਾਈ ਝਗੜਾ ਕੀਤਾ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਦੇ ਗਲੇ ‘ਤੇ ਸਟੀਲ ਦਾ ਗਿਲਾਸ ਰੱਖ ਕੇ ਦਬਾ ਦਿੱਤਾ, ਜਿਸ ਨਾਲ ਉਸ ਦੀ ਮਾਤਾ ਕੋੜੋ ਬਾਈ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਐੱਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਨਾਨਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।