ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਆਗੂ ਆਤਿਸ਼ੀ ਖ਼ਿਲਾਫ਼ ਧਰਨਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਨੇਤਾ ਆਤਿਸ਼ੀ ਖ਼ਿਲਾਫ਼ ਧਰਨਾ
Publish Date: Sat, 10 Jan 2026 06:13 PM (IST)
Updated Date: Sat, 10 Jan 2026 06:15 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਪੂਰੇ ਪੰਜਾਬ ’ਚ ਆਮ ਆਦਮੀ ਪਾਰਟੀ ਖ਼ਿਲਾਫ਼ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਦੀ ਲੜੀ ’ਚ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇਕ ਵਿਸ਼ਾਲ ਧਰਨਾ ਲਾ ਕੇ ਆਪ ਆਗੂ ਆਤਿਸ਼ੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਪਿੱਟ-ਸਿਆਪਾ ਕੀਤਾ ਗਿਆ। ਪਾਰਟੀ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਡੇਰਾਬੱਸੀ ਐੱਨਕੇ ਸ਼ਰਮਾ ਤੇ ਪਰਵਿੰਦਰ ਸੋਹਾਣਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ’ਚ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਆਮਦ ਨਾਲ ਹੀ ਪੰਜਾਬ ਵਿਚ ਵੱਖ-ਵੱਖ ਧਰਮਾਂ ਵਿਚ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ, ਜਿਸ ਵਿਚ ਆਪ ਪਾਰਟੀ ਸਿੱਧੇ ਤੌਰ ’ਤੇ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਿਚ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੋਸ਼ੀ ਪਾਏ ਗਏ। ਹੈਰਾਨੀ ਦੀ ਗੱਲ ਹੈ ਜਿਹੜੀ ਪਾਰਟੀ ਬੇਅਦਬੀਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ, ਉਸੇ ਪਾਰਟੀ ਦੇ ਮੰਟਕਰੂ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਮਾਨਯੋਗ ਅਦਾਲਤਾਂ ਵਿਚ ਕੇਸ ਲੜ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਹਿ ਤੇ ਸਾਜ਼ਿਸ਼ ਤਹਿਤ ਦਿੱਲੀ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਮਾਰਲੇਨਾ ਨੇ ਗੁਰੂਆਂ ਸਬੰਧੀ ਭੱਦੀ ਸ਼ਬਦਾਵਲੀ ਦਾ ਉਪਯੋਗ ਕਰਕੇ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਜਿਸ ਪ੍ਰਤੀ ਸਮੁੱਚੇ ਪੰਜਾਬ ਦੇ ਨਾਲ-ਨਾਲ ਬਾਹਰ ਵੱਸਦੇ ਪੰਜਾਬੀਆਂ ਵੱਲੋਂ ਨੋਟਿਸ ਲੈਂਦਿਆਂ ਮੁਆਫ਼ੀ ਦੀ ਮੰਗ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਇਕ ਸੰਕੇਤ ਹੈ ਵੱਡੇ ਸੰਘਰਸ਼ ਦਾ। ਅਗਰ ਮੁਲਜ਼ਮ ਵਿਧਾਇਕਾ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਕ ਵਿਆਪਕ ਸੰਘਰਸ਼ ਛੇੜਿਆ ਜਾਵੇਗਾ। ਧਰਨਾਕਾਰੀਆਂ ਨੂੰ ਸ਼ਮਸ਼ੇਰ ਪੁਰਖਾਲਵੀ, ਐੱਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਯੂਥ ਆਗੂ ਰਵਿੰਦਰ ਸਿੰਘ ਖੇੜਾ ਤੇ ਮਨਜੀਤ ਸਿੰਘ ਮਲਕਪੁਰ, ਰਾਜਿੰਦਰ ਸਿੰਘ ਈਸਾਪੁਰ, ਹਰਜੀਤ ਸਿੰਘ ਪੰਨੂ, ਸੁਖਵਿੰਦਰ ਸਿੰਘ ਛਿੰਦੀ, ਮਨਮੋਹਨ ਕੌਰ, ਸ਼ਾਮ ਲਾਲ ਮਾਜਰੀਆਂ, ਲੰਬੜਦਾਰ ਹਰਵਿੰਦਰ ਸਿੰਘ ਤੋਂ ਇਲਾਵਾ ਦਰਜਨ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਆਗੂਆਂ ਨੇ ਆਤਿਸ਼ੀ, ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਵਿਰੁੱਧ ਨਾਅਰੇ ਲਗਾਕੇ ਖ਼ੂਬ ਭੜਾਸ ਕੱਢੀ। ਇਸ ਮੌਕੇ ਆਪ ਆਗੂ ਆਤਿਸ਼ੀ ਦਾ ਪੁਤਲਾ ਸਾੜਨ ਉਪਰੰਤ ਪੰਜਾਬ ਦੇ ਗਵਰਨਰ ਅਤੇ ਸਪੀਕਰ ਵਿਧਾਨ ਸਭਾ ਦਿੱਲੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਇਕ ਮੈਮੋਰੰਡਮ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਛੁੱਟੀ ਹੋਣ ਕਾਰਨ ਐੱਸਪੀ ਰਮਨਦੀਪ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਜੱਸਾ, ਕੰਵਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਕਰਮ ਸਿੰਘ ਬਬਰਾ, ਦਿਲਬਾਗ ਸਿੰਘ ਮੀਆਂਪੁਰ, ਅਵਤਾਰ ਸਿੰਘ ਦਾਊਂ, ਕਰਮਬੀਰ ਸਿੰਘ ਪੂਨੀਆ, ਗੁਰਵਿੰਦਰ ਸਿੰਘ, ਬਸੋਲੀ ਸਿਮਰਨ ਢਿੱਲੋਂ, ਜਰਨੈਲ ਸਿੰਘ ਬਲੌਂਗੀ, ਨੰਬਰਦਾਰ ਗੁਰਮੀਤ ਸਿੰਘ ਰਾਏਪੁਰ, ਕੇਸਰ ਸਿੰਘ ਬਲੌਂਗੀ, ਹਰਪਾਲ ਸਿੰਘ ਬਠਲਾਣਾ, ਬਲਵਿੰਦਰ ਸਿੰਘ ਲਖਨੌਰ, ਕੁਲਦੀਪ ਸਿੰਘ ਬੈਰਮਪੁਰ, ਹਰਿੰਦਰ ਸਿੰਘ ਸੁੱਖਗੜ, ਹਰਦੀਪ ਸਿੰਘ ਖਿਜ਼ਰਾਬਾਦ, ਜੱਗਾ ਸਿੰਘ ਤਿਉਰ, ਚੌਧਰੀ ਕੇਸਰ ਸਿੰਘ ਮਿਰਜ਼ਾਪੁਰ, ਐਡਵੋਕੇਟ ਗੁਰਪ੍ਰੀਤ ਸਿੰਘ, ਰੁਲਦੂ ਰਾਮ, ਲਖਵਿੰਦਰ ਸਿੰਘ ਜੋਨੀ ਸਮੇਤ ਕਈ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ।