ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਆਗੂ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਆਗੂ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ,
Publish Date: Thu, 08 Jan 2026 07:08 PM (IST)
Updated Date: Thu, 08 Jan 2026 07:12 PM (IST)

ਪਾਰਟੀ ਵਿਚ ਸ਼ਾਮਲ ਹੋਏ ਹਰ ਆਗੂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ : ਸਿੱਧੂ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ’ਚ ਕਈ ਪ੍ਰਮੁੱਖ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ’ਤੇ ਟਕਸਾਲੀ ਅਕਾਲੀ ਪਰਿਵਾਰ ਤੋਂ ਸਾਬਕਾ ਪ੍ਰਧਾਨ ਸਿੱਖਿਆ ਬੋਰਡ ਗੁਰਦੀਪ ਸਿੰਘ ਢਿੱਲੋਂ, ਲਾਂਡਰਾਂ ਕਾਲਜ ਦੇ ਸਾਬਕਾ ਪ੍ਰਧਾਨ ਕਰਨਦੀਪ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ ਮਾਨ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਢੋਲੋਵਾਲ, ਐਡਵੋਕੇਟ ਸੁਰਿੰਦਰ ਸਿੰਘ ਚਹਿਲ, ਕੰਵਰ ਸਿੰਘ ਗਿੱਲ, ਭੁਪਿੰਦਰ ਸ਼ਰਮਾ, ਸੁਜਲਪੁਰੀ ਅਤੇ ਆਮ ਆਦਮੀ ਪਾਰਟੀ ਤੋਂ ਮਨਿਦਰ ਸਿੰਘ ਬਿੱਟੂ ਸ਼ਾਮਲ ਹੋਏ। ਸੰਬੋਧਨ ਦੌਰਾਨ ਸਿੱਧੂ ਨੇ ਕਿਹਾ ਕਿ ਇਹ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗੀ। ਸਿੱਧੂ ਨੇ ਮੁਹਾਲੀ ਵਿਚ ਕਾਂਗਰਸ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਜਿਵੇਂ ਸੈਕਟਰ 66 ਵਿਚ 300 ਬਿਸਤਰਿਆਂ ਵਾਲਾ ਹਸਪਤਾਲ, ਟੈਂਡਰ ਪਾਸ ਕੀਤੇ ਜਾ ਚੁੱਕੇ ਸਨ ਤੇ ਨੀਂਹ ਪੱਥਰ ਵੀ ਰੱਖੇ ਜਾ ਚੁੱਕੇ ਸਨ ਪਰ ਅਜੇ ਵੀ ਇਹ ਪ੍ਰਾਜੈਕਟ ਪੂਰੇ ਨਹੀਂ ਹੋਏ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਮੁਹਾਲੀ ਸੈਕਟਰ-79 ਵਿਚ ਬਣਾਇਆ ਗਿਆ ਔਟਿਜ਼ਮ ਸੈਂਟਰ ਖਾਲੀ ਅਤੇ ਖੰਡਰ ਬਣ ਚੁੱਕਾ ਹੈ। ਉਸੇ ਸੈਕਟਰ ਵਿਚ ਬਣੀ ਡਿਸਪੈਂਸਰੀ ਅਧੂਰੀ ਅਤੇ ਅਟਕੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਸਿਰਫ਼ ਇਮਾਰਤਾਂ ਅਤੇ ਅੰਕੜਿਆਂ ਦਾ ਨਹੀਂ, ਇਹ ਸਿਸਟਮ ਦੀ ਕਾਰਗੁਜ਼ਾਰੀ ਦਾ ਮਾਮਲਾ ਹੈ। ਜਨਤਾ ਜਾਣਨਾ ਚਾਹੁੰਦੀ ਹੈ ਕਿ ਜਿਨ੍ਹਾਂ ਪ੍ਰਾਜੈਕਟਾਂ ਦਾ ਦਾਅਵਾ ਕੀਤਾ ਗਿਆ ਸੀ, ਉਹ ਕਿੱਥੇ ਰੁਕ ਗਏ ਹਨ ਅਤੇ ਕਿਉਂ? ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹਨ। ਸਿੱਧੂ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸੜਕਾਂ, ਸਿਹਤ, ਸਿੱਖਿਆ ਅਤੇ ਲੋਕ ਭਲਾਈ ਦੇ ਹਰ ਖੇਤਰ ਵਿਚ ਸੁਧਾਰ ਲਿਆਂਦੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਪੰਜਾਬ ਦੇ ਵਿਕਾਸ ਨੂੰ ਪਿੱਛੇ ਖਿੱਚਿਆ ਹੈ, ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਖੁਸ਼ਹਾਲੀ ਲਈ ਸੱਚੇ ਅਤੇ ਮਜ਼ਬੂਤ ਨੇਤਾ ਅੱਗੇ ਆਉਣ। ਸਿੱਧੂ ਨੇ ਇਹ ਵੀ ਦੱਸਿਆ ਕਿ ਪਾਰਟੀ ਵਿਚ ਸ਼ਾਮਲ ਹੋਏ ਹਰ ਆਗੂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਅਨੁਭਵਾਂ ਨੂੰ ਮੁਹਾਲੀ ਦੇ ਵਿਕਾਸ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ।