ਮੋਰਚੇ ਦੇ ਨੁਮਾਇੰਦੇ ਪ੍ਰਭਜੋਤ ਸਿੰਘ ਤੇ ਨਵਪ੍ਰੀਤ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਨਾਲ ਹੋਈ ਮੀਟਿੰਗ ’ਚ 10 ਨਵੰਬਰ ਦੇ ਮਹਾ ਪ੍ਰਦਰਸ਼ਨ ਤੇ ਉਸ ਤੋਂ ਬਾਅਦ ਦੇ ਸਾਰੇ ਘਟਨਾਚੱਕਰ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਪੂਰੀ ਮਜ਼ਬੂਤੀ ਨਾਲ ਮੋਰਚੇ ਨਾਲ ਖੜ੍ਹੀਆਂ ਹਨ

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਯੂਨੀਵਰਸਟੀ ’ਚ ਸੈਨੇਟ ਚੋਣਾਂ ਦੇ ਮੁੱਦੇ ’ਤੇ ਪੀਯੂ ਬਚਾਓ ਮੋਰਚੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ 25 ਨਵੰਬਰ ਤੱਕ ਚੋਣ ਦਾ ਐਲਾਨ ਨਾ ਕੀਤਾ ਗਿਆ ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਨਵੰਬਰ ਨੂੰ ਯੂਨੀਵਰਿਸਟੀ ਬੰਦ ਕਰ ਦਿੱਤੀ ਜਾਵੇਗੀ। ਇਸ ਦੌਰਾਨ ਪੀਯੂ ’ਚ ਪ੍ਰਸ਼ਾਸਨਿਕ ਕੰਮ ਵੀ ਰੋਕਿਆ ਜਾਵੇਗਾ ਤੇ ਪ੍ਰੀਖਿਆ ਵੀ ਨਹੀਂ ਹੋਣ ਦਿੱਤੀ ਜਾਵੇਗੀ। ਇਹ ਫ਼ੈਸਲਾ ਵੀਰਵਾਰ ਨੂੰ ਇੱਥੇ ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਸਮੇਤ 50 ਤੋਂ ਵੱਧ ਜਥੇਬੰਦੀਆਂ ਦੀ ਮੀਟਿੰਗ ’ਚ ਲਿਆ ਗਿਆ।
ਮੋਰਚੇ ਦੇ ਨੁਮਾਇੰਦੇ ਪ੍ਰਭਜੋਤ ਸਿੰਘ ਤੇ ਨਵਪ੍ਰੀਤ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਨਾਲ ਹੋਈ ਮੀਟਿੰਗ ’ਚ 10 ਨਵੰਬਰ ਦੇ ਮਹਾ ਪ੍ਰਦਰਸ਼ਨ ਤੇ ਉਸ ਤੋਂ ਬਾਅਦ ਦੇ ਸਾਰੇ ਘਟਨਾਚੱਕਰ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਪੂਰੀ ਮਜ਼ਬੂਤੀ ਨਾਲ ਮੋਰਚੇ ਨਾਲ ਖੜ੍ਹੀਆਂ ਹਨ ਤੇ ਕਿਸੇ ਵੀ ਦਬਾਅ ਅੱਗੇ ਝੁਕਣ ਵਾਲੀਆਂ ਨਹੀਂ। ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਹੈ ਕਿ ਪੀਯੂ ਪ੍ਰਸ਼ਾਸਨ ਵੱਲੋਂ ਸੈਨੇਟ ਚੋਣ ਦੇ ਐਲਾਨ ਬਾਰੇ 25 ਨਵੰਬਰ ਤੱਕ ਉਡੀਕ ਕੀਤੀ ਜਾਵੇਗੀ। ਜੇ ਉਸ ਦਿਨ ਤੱਕ ਕੋਈ ਫ਼ੈਸਲਾ ਨਾ ਹੋਇਆ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਟੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗਾ। ਕੈਂਪਸ ’ਚ ਕੋਈ ਪ੍ਰਸ਼ਾਸਨਕ ਕੰਮ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਕੋਈ ਪ੍ਰੀਖਿਆ ਲੈਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 25 ਤੋਂ 30 ਨਵੰਬਰ ਦਰਮਿਆਨ ਭਾਜਪਾ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ 26 ਦੇ ਪੀਯੂ ਬੰਦ ਦੌਰਾਨ ਪੁਲਿਸ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 10 ਨਵੰਬਰ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਜਥੇਬੰਦੀਆਂ ਨੂੰ ਅੰਦਰ ਜਾਣੋਂ ਰੋਕਿਆ ਸੀ। ਇਸ ਕਰਕੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਮਜਬੂਰੀ ’ਚ ਗੇਟ ਤੋੜ ਕੇ ਅੰਦਰ ਆਉਣਾ ਪਿਆ।
ਸਿਆਸੀ ਆਗੂਆਂ ਦੇ ਆਉਣ ’ਤੇ ਉਠਾਇਆ ਸਵਾਲ
ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਅੰਦੋਲਨ ’ਚ ਸਿਆਸੀ ਆਗੂਆਂ ਦੇ ਆਉਣ ’ਤੇ ਸਵਾਲ ਵੀ ਉਠਾਏ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ 10 ਨਵੰਬਰ ਦੇ ਮਹਾ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਸਨ। ਇਹ ਪ੍ਰਦਰਸ਼ਨ ਸਾਡਾ ਹੈ। ਇਸ ’ਚ ਸਿਆਸੀ ਆਗੂਆਂ ਨੂੰ ਸ਼ਾਮਲ ਕਰਨ ਦੀ ਲੋੜ ਨਹੀਂ ਹੈ।