ਵੇਰਕਾ ਬੂਥ ਤਬਦੀਲ ਨਾ ਹੋਣ ’ਤੇ ਸੈਕਟਰ-67 ਵਾਸੀਆਂ ’ਚ ਰੋਸ
ਵੇਰਕਾ ਬੂਥ ਤਬਦੀਲ ਨਾ ਹੋਣ 'ਤੇ ਸੈਕਟਰ 67 ਵਾਸੀਆਂ ਦਾ ਰੋਸ:
Publish Date: Mon, 17 Nov 2025 07:22 PM (IST)
Updated Date: Mon, 17 Nov 2025 07:25 PM (IST)

- 15 ਦਸੰਬਰ ਤਕ ਮੰਗ ਨਾ ਮੰਨੀ ਤਾਂ ਧਰਨਾ ਦਿੱਤਾ ਜਾਵੇਗਾ, ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਵੇਰਕਾ ਦੇ ਜਨਰਲ ਮੈਨੇਜਰ ਨੂੰ ਦਿੱਤਾ ਯਾਦ ਪੱਤਰ, ਜੀਐੱਮ ਨੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ 67 ਦਾ ਵਫ਼ਦ ਸੋਮਵਾਰ ਨੂੰ ਪ੍ਰਧਾਨ ਨਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਵੇਰਕਾ ਦੇ ਜਨਰਲ ਮੈਨੇਜਰ (ਜੀਐੱਮ) ਨੂੰ ਮਿਲਿਆ ਅਤੇ ਸੈਕਟਰ 67 ਦੀ ਐੱਮਸੀ ਚੈਕ ਸਲਿਪ ਰੋਡ ’ਤੇ ਸਥਿਤ ਵੇਰਕਾ ਬੂਥ ਨੂੰ ਤੁਰੰਤ ਸ਼ਿਫਟ ਕਰਨ ਸਬੰਧੀ ਯਾਦ ਪੱਤਰ ਦਿੱਤਾ। ਕਲਸੀ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਮੌਕੇ ਦੀ ਪ੍ਰਵਾਨਿਤ ਡਰਾਇੰਗ ਅਨੁਸਾਰ ਇਸ ਵੇਰਕਾ ਬੂਥ ਨੂੰ ਪਾਰਕਿੰਗ ਵਾਲੇ ਪਾਸੇ ਤਬਦੀਲ ਕਰ ਕੇ ਇਸ ਦੀ ਐਂਟਰੀ ਪਾਰਕਿੰਗ ਵਾਲੇ ਪਾਸੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਅਫ਼ਸਰ (ਬਿ) ਗਮਾਡਾ ਵੱਲੋਂ ਵੀ ਇਸ ਬੂਥ ਨੂੰ ਤੁਰੰਤ ਨਵੇਂ ਸਥਾਨ ’ਤੇ ਸ਼ਿਫਟ ਕਰਨ ਲਈ ਕਿਹਾ ਗਿਆ ਹੈ। ਪਿਛਲੇ 4 ਮਹੀਨਿਆਂ ਤੋਂ ਕਾਰਵਾਈ ਦਾ ਇੰਤਜ਼ਾਰ : ਕਲਸੀ ਨੇ ਜਨਰਲ ਮੈਨੇਜਰ ਨੂੰ ਯਾਦ ਕਰਵਾਇਆ ਕਿ ਵੇਰਕਾ ਬੂਥ ਨੂੰ ਸ਼ਿਫਟ ਕਰਨ ਲਈ ਆਰਡਬਲਯੂਏ ਦਾ ਵਫ਼ਦ ਚਾਰ ਮਹੀਨੇ ਪਹਿਲਾਂ ਵੀ ਸੈਕਟਰ-67 ਦੀ ਕੌਂਸਲਰ ਦੀ ਅਗਵਾਈ ਹੇਠ ਉਨ੍ਹਾਂ ਨੂੰ ਮਿਲਿਆ ਸੀ। ਉਸ ਸਮੇਂ ਜੀਐੱਮ ਵੱਲੋਂ ਆਪਣੇ ਸਟਾਫ਼ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਅਤੇ ਮਿਲਕ ਪਲਾਂਟ ਦੇ ਕਰਮਚਾਰੀ ਮੌਕੇ ਦਾ ਮੁਆਇਨਾ ਕਰਨ ਵੀ ਆਏ ਸਨ ਪਰ ਅਫਸੋਸ ਲਗਭਗ 4-5 ਮਹੀਨੇ ਬੀਤ ਜਾਣ ਦੇ ਬਾਵਜੂਦ ਬੂਥ ਸ਼ਿਫਟ ਕਰਨ ਦੀ ਕਾਰਵਾਈ ਨਹੀਂ ਹੋਈ। ਜੀਐੱਮ ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾ : ਵੇਰਕਾ ਦੇ ਜਨਰਲ ਮੈਨੇਜਰ ਨੇ ਵਫ਼ਦ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਤੁਰੰਤ ਆਪਣੇ ਸਟਾਫ਼ ਨੂੰ ਇਹ ਕੰਮ ਤੁਰੰਤ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਕੰਮ ਲਈ ਵਸਨੀਕਾਂ ਨੂੰ ਦੁਬਾਰਾ ਨਹੀਂ ਆਉਣਾ ਪਵੇਗਾ ਅਤੇ ਵੇਰਕਾ ਬੂਥ ਨੂੰ ਜਲਦੀ ਹੀ ਸ਼ਿਫਟ ਕਰਵਾ ਦਿੱਤਾ ਜਾਵੇਗਾ। ਚਿਤਾਵਨੀ, 15 ਦਸੰਬਰ ਦੀ ਡੈੱਡਲਾਈਨ : ਕਲਸੀ ਨੇ ਕਿਹਾ ਕਿ ਸਮੂਹ ਸੈਕਟਰ ਵਾਸੀ ਮੰਗ ਕਰਦੇ ਹਨ ਕਿ ਵੇਰਕਾ ਬੂਥ ਤੁਰੰਤ ਸ਼ਿਫਟ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ 15 ਦਸੰਬਰ ਤਕ ਵੇਰਕਾ ਬੂਥ ਸ਼ਿਫਟ ਨਹੀਂ ਕੀਤਾ ਜਾਂਦਾ ਤਾਂ ਸੈਕਟਰ ਵਾਸੀਆਂ ਵੱਲੋਂ ਬੂਥ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਵਫ਼ਦ ’ਚ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸੈਣੀ, ਜਨਰਲ ਸਕੱਤਰ ਸਤੀਸ਼ ਕੁਮਾਰ ਬੱਗਾ, ਸੰਯੁਕਤ ਸਕੱਤਰ ਮਸਤਾਨ ਸਿੰਘ ਪਨੇਸਰ, ਚਰਨ ਸਿੰਘ, ਸਿਮਰਨਜੀਤ ਸਿੰਘ, ਕੁਲਦੀਪ ਸਿੰਘ ਗਿੱਲ ਸਮੇਤ ਕਈ ਮੈਂਬਰ ਆਦਿ ਹਾਜ਼ਰ ਸਨ।