ਸ਼ਤਰੰਜ ’ਚ ਨੌਵਾਂ ਸਥਾਨ ਹਾਸਲ ਕਰ ਕੇ ਸਾਹਿਲ ਨੇ ਕੀਤਾ ਮਾਣ ਮਹਿਸੂਸ
ਮੁਹਾਲੀ ਦੇ ਸਾਹਿਲ ਗਰਗ ਨੇ ਅੰਤਰਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ’ਚ ਨੌਵਾਂ ਸਥਾਨ ਹਾਸਲ ਕੀਤਾ
Publish Date: Mon, 17 Nov 2025 08:50 PM (IST)
Updated Date: Mon, 17 Nov 2025 08:52 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਸ਼ਤਰੰਜ ਖਿਡਾਰੀ ਸਾਹਿਲ ਗਰਗ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਵਿਸ਼ਵ ਸ਼ੌਕੀਆ ਸ਼ਤਰੰਜ ਚੈਂਪੀਅਨਸ਼ਿਪ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਤੀਯੋਗਿਤਾ 4 ਤੋਂ 14 ਨਵੰਬਰ ਤਕ ਵਰਨਜਾਕਾ ਬਾਨਿਆ (ਸਰਬੀਆ) ਵਿਚ ਕਰਵਾਈ ਗਈ ਸੀ, ਜਿਸ ਵਿਚ 122 ਦੇਸ਼ਾਂ ਦੇ ਚੁਣੇ ਹੋਏ 350 ਖਿਡਾਰੀਆਂ ਨੇ ਹਿੱਸਾ ਲਿਆ। ਸਾਹਿਲ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਟੂਰਨਾਮੈਂਟ ਵਿਚ ਕੁੱਲ 9 ਰਾਊਂਡ ਖੇਡੇ ਅਤੇ 6 ਅੰਕ ਹਾਸਲ ਕੀਤੇ। ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਆਪਣਾ ਅੰਤਿਮ ਰਾਊਂਡ ਟੂਰਨਾਮੈਂਟ ਦੇ ਚੈਂਪੀਅਨ ਦੇ ਖ਼ਿਲਾਫ਼ ਪਹਿਲੇ ਬੋਰਡ 'ਤੇ ਖੇਡਿਆ। ਇਹ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੀ ਪਹਿਲੀ ਭਾਗੀਦਾਰੀ ਸੀ। ਅੰਤਰਰਾਸ਼ਟਰੀ ਮੰਚ 'ਤੇ ਪਹਿਲੀ ਵਾਰ ਉੱਤਰਨ ਦੇ ਬਾਵਜੂਦ ਸਾਹਿਲ ਦਾ ਪ੍ਰਦਰਸ਼ਨ ਬੇਹੱਦ ਪ੍ਰਭਾਵਸ਼ਾਲੀ ਰਿਹਾ। ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਉਨ੍ਹਾਂ ਦੇ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਹਾ ਜਾ ਰਿਹਾ ਹੈ, ਖ਼ਾਸ ਕਰ ਕੇ ਉਦੋਂ ਜਦੋਂ ਉਨ੍ਹਾਂ ਦੇ ਖੇਤਰ ਵਿਚ ਸ਼ਤਰੰਜ ਦੀਆਂ ਸਹੂਲਤਾਂ ਲਗਭਗ ਨਾ ਦੇ ਬਰਾਬਰ ਸਨ। ਇਸ ਤੋਂ ਪਹਿਲਾਂ ਸਾਹਿਲ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਈ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਕੇ ਕਈ ਮੈਡਲ ਅਤੇ ਸਨਮਾਨ ਹਾਸਲ ਕਰ ਚੁੱਕੇ ਹਨ।