3 ਸਾਲਾ ’ਚ ਸੈਰ ਸਪਾਟਾ ਵਿਭਾਗ ਵੱਲੋਂ ਕਲਾਕਾਰਾਂ ਨੂੰ 11 ਕਰੋੜ ਰੁਪਏ ਦਿੱਤੇ ਗਏ, ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ
3 ਸਾਲਾ ਵਿਚ ਕਲਾਕਾਰਾਂ ਨੂੰ 11 ਕਰੋੜ ਰੁਪਏ ਦਿੱਤੇ ਗਏ, ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ
Publish Date: Mon, 15 Dec 2025 09:31 PM (IST)
Updated Date: Mon, 15 Dec 2025 09:33 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਨੇ ਪਿਛਲੇ 3 ਸਾਲਾ ਦੌਰਾਨ ਵੱਖ-ਵੱਖ ਪ੍ਰੋਗਰਾਮ ਕਰਵਾ ਕੇ ਕਲਾਕਾਰਾਂ ਨੂੰ 11 ਕਰੋੜ ਰੁਪਏ ਦੀ ਰਕਮ ਦਿੱਤੀ। ਇਹ ਜਾਣਕਾਰੀ ਲੋਕ ਸਭਾ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੇਂਦਰ ਸਰਕਾਰ ਨੇ ਦਿੱਤੀ ਹੈ। ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ਵਿਚ ਪੁੱਛੇ ਗਏ ਆਪਣੇ ਸਵਾਲ ਦੇ ਜਵਾਬ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ’ਤੇ ਟੂਰਿਜ਼ਮ ਹੇਠ ਕੀਤੇ ਖਰਚ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਬੀਤੇ ਤਿੰਨ ਵਿੱਤੀ ਸਾਲਾ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਥਿਤ ਤੌਰ ’ਤੇ ਟੂਰਿਜ਼ਮ ਨਾਲ ਸਬੰਧਿਤ ਸਰਗਰਮੀਆਂ ’ਤੇ 33.26 ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦਿੱਤੇ ਗਏ ਜਵਾਬ ਮੁਤਾਬਿਕ ਇਸ ਰਕਮ ਵਿਚੋਂ ਲਗਭਗ 11.84 ਕਰੋੜ ਰੁਪਏ ਕਲਾਕਾਰਾਂ ਅਤੇ ਹੋਰ ਵੇਂਡਰਾਂ ਨੂੰ ਭੁਗਤਾਨ ਵਜੋਂ ਦਰਸਾਏ ਗਏ ਹਨ, ਪਰ ਇਸ ਦੇ ਬਾਵਜੂਦ ਕਰੀਬ 22 ਕਰੋੜ ਰੁਪਏ ਦੇ ਖਰਚ ਬਾਰੇ ਕੋਈ ਸਪਸ਼ਟ ਵੇਰਵਾ ਉਪਲਬਧ ਨਹੀਂ ਕਰਵਾਇਆ ਗਿਆ। ਮਨੀਸ਼ ਤਿਵਾੜੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ/ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੇ ਸਵਾਲ ਦੇ ਉਸ ਮਹੱਤਵਪੂਰਨ ਹਿੱਸੇ ਨੂੰ ‘ਸੁਵਿਧਾਜਨਕ ਢੰਗ ਨਾਲ ਟਾਲ ਦਿੱਤਾ’, ਜਿਸ ਵਿਚ ਇਹ ਪੁੱਛਿਆ ਗਿਆ ਸੀ ਕਿ ਕਿਸ ਕਲਾਕਾਰ ਨੂੰ, ਕਿਸ ਪ੍ਰੋਗਰਾਮ ਲਈ ਅਤੇ ਕਿੰਨੀ ਰਕਮ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਕਲਾਕਾਰ ਬਾਰੇ ਵੇਰਵਾ ਦਿੱਤਾ ਗਿਆ ਹੈ ਅਤੇ ਨਾ ਹੀ ਬਾਕੀ ਰਕਮ ਦੇ ਉਪਯੋਗ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਆਈ ਹੈ। ਮਨੀਸ਼ ਤਿਵਾੜੀ ਨੇ ਮੰਗ ਕੀਤੀ ਕਿ ਪ੍ਰਸ਼ਾਸਕ ਦੀ ਸਲਾਹਕਾਰ ਕਮੇਟੀ ਦੀ ਟੂਰਿਜ਼ਮ ਉਪ ਕਮੇਟੀ ਇਸ ਪੂਰੇ ਮਾਮਲੇ ਦੀ ਸਮੀਖਿਆ ਕਰੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚਿਆ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਕੀ ਵਾਕਈ ਚੰਡੀਗੜ੍ਹ ਵਿਚ ਕੋਈ ਅਜਿਹੀ ਟੂਰਿਜ਼ਮ ਸਰਗਰਮੀ ਹੋਈ ਹੈ, ਜੋ ਇਸ ਵੱਡੇ ਖਰਚ ਨੂੰ ਜਾਇਜ਼ ਠਹਿਰਾ ਸਕੇ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਜਨਤਾ ਦੇ ਪੈਸੇ ਦੀ ਪਾਰਦਰਸ਼ੀ ਅਤੇ ਜਵਾਬਦੇਹ ਵਰਤੋਂ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿਚ ਵਿਸਥਾਰਪੂਰਕ ਲੇਖਾ-ਜੋਖਾ ਜਨਤਕ ਕੀਤਾ ਜਾਣਾ ਚਾਹੀਦਾ ਹੈ।