ਪੁਰਾਣੀ ਪੈਨਸ਼ਨ ਬਹਾਲ ਕਰਨਾ ਸਮੇਂ ਦੀ ਲੋੜ : ਡਾ. ਸ਼ਰਮਾ
ਪੁਰਾਣੀ ਪੈਨਸ਼ਨ ਬਹਾਲ ਕਰਨਾ ਸਮੇਂ ਦੀ ਲੋੜ : ਡਾ. ਸ਼ਰਮਾ
Publish Date: Thu, 20 Nov 2025 07:07 PM (IST)
Updated Date: Thu, 20 Nov 2025 07:07 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਵੈਟਰਨਰੀ ਮਾਹਰ ਤੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਕੇਂਦਰੀ ਨਿਯਮਾਂ ਨੂੰ ਲਾਗੂ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਾਲ 2004 ਵਿਚ ਬੰਦ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਜਿਹੜੇ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਏ ਹਨ, ਉਨ੍ਹਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਰੱਖਿਆ ਗਿਆ ਹੈ, ਜਿਸ ਵਿਚ ਰਿਟਾਇਰਮੈਂਟ ਸਮੇਂ ਸਿਰਫ਼ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਹੀ ਪੈਨਸ਼ਨ ਮਿਲਦੀ ਹੈ ਪਰੰਤੂ ਜਦੋਂ ਅਚਾਨਕ ਰਿਟਾਇਰਮੈਂਟ ਹੋਵੇਗੀ ਤਾਂ ਕਰਮਚਾਰੀਆਂ ਦੀ ਮਹੀਨਾਂ ਵਾਰ ਪੈਨਸ਼ਨ 5000 ਰੁਪਏ ਤੋਂ 10,000 ਹੋ ਜਾਵੇਗੀ, ਉਸ ਸਮੇਂ ਕਰਮਚਾਰੀ ਨੂੰ ਆਪਣਾ ਘਰ ਚਲਾਉਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਆਪਣੇ ਕੰਮ ਕਰਨ ਦਾ ਸਮਾਂ ਤਾਂ ਕਰਮਚਾਰੀ ਨੇ ਸਰਕਾਰ ਨੂੰ ਦੇ ਦਿੱਤਾ ਪਰੰਤੂ ਜਦੋਂ ਰਿਟਾਇਰਮੈਂਟ ਹੋਈ ਤਾਂ ਉਸ ਸਮੇਂ ਕੰਮ ਕਰਨ ਦੀ ਪਹਿਲਾਂ ਜਿੰਨੀ ਤਾਕਤ ਵੀ ਨਹੀਂ ਰਹਿੰਦੀ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਅਤੇ ਘਰ ਦੇ ਖਰਚਿਆਂ ਨੂੰ ਚਲਾਉਣ ਲਈ ਉਸ ਨੂੰ ਕੋਈ ਹੋਰ ਕੰਮ ਧੰਦਾ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਵੇਗਾ, ਕਿਉਂਕਿ ਇਸ ਮਹਿੰਗਾਈ ਦੇ ਜਮਾਨੇ ਵਿਚ ਇੰਨੀ ਘੱਟ ਪੈਨਸ਼ਨ ਨਾਲ ਕੁਝ ਵੀ ਨਹੀਂ ਬਣਨਾ। ਡਾ. ਸ਼ਰਮਾ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਪਹਿਲਾਂ ਹੀ ਕਰਮਚਾਰੀ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਨੇ ਕੀ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਬੁਢਾਪੇ ਵਿਚ ਰਿਟਾਇਰਡ ਕਰਮਚਾਰੀ ਕੋਲ ਮਹੀਨਾ ਵਾਰ ਪੈਨਸ਼ਨ ਆਉਂਦੀ ਹੋਵੇਗੀ ਤਾਂ ਪਰਿਵਾਰ ਵੀ ਉਸ ਦੀ ਦੇਖਭਾਲ ਕਰੇਗਾ। ਬਹੁਤ ਸਾਰੇ ਬੱਚੇ ਤਾਂ ਇਸੇ ਕਾਰਨ ਹੀ ਆਪਣੇ ਮਾਪਿਆਂ ਦੀ ਇੱਜਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਰਿਟਾਇਰਡ ਮਾਪਿਆਂ ਦੀ ਪੈਨਸ਼ਨ ਮਿਲ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਪੁੱਤਰ-ਧੀਆਂ ਤਾਂ ਆਪਣੇ ਮਾਪਿਆਂ ਨੂੰ ਬਿਨਾਂ ਸਵਾਰਥ ਬੁਢਾਪੇ ਵਿਚ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਦੇ ਹਨ ਪ੍ਰੰਤੂ ਅੱਜ ਕੱਲ੍ਹ ਦੇ ਜਮਾਨੇ ਵਿਚ ਕਈ ਪੁੱਤਰ ਕਪੁੱਤ ਬਣ ਜਾਂਦੇ ਹਨ ਅਤੇ ਜਿਹੜੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ, ਜੇ ਬੁਢਾਪੇ ਵਿਚ ਰਿਟਾਇਰਡ ਕਰਮਚਾਰੀ ਕੋਲ ਪੁਰਾਣੀ ਪੈਨਸ਼ਨ ਹੋਵੇਗੀ ਤਾਂ ਪਰਿਵਾਰ ਵੀ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰੇਗਾ ਅਤੇ ਆਪਣੇ ਮਾਪਿਆਂ ਨੂੰ ਬਿਰਧ ਆਸਰਮ ਛੱਡਣ ਦੀ ਨੌਬਤ ਨਹੀਂ ਆਵੇਗੀ ਅਤੇ ਬੁਢਾਪੇ ਵਿਚ ਉਸ ਨੂੰ ਦਰ-ਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ। ਇਸ ਲਈ ਪੰਜਾਬ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।