ਫੇਜ਼ 4 ਅਤੇ 5 ਦੀ ਵੰਡਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
ਫੇਜ਼ 4 ਅਤੇ 5 ਦੀ ਵੰਡਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ,
Publish Date: Thu, 20 Nov 2025 07:38 PM (IST)
Updated Date: Thu, 20 Nov 2025 07:40 PM (IST)

ਪਾਣੀ ਦੀ ਨਿਕਾਸੀ ਦੇ ਮਸਲੇ ਤੇ ਵਿਰੋਧ ਤੋਂ ਬਾਅਦ ਮਸਲਾ ਹੱਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਸਥਾਨਕ ਫੇਜ਼ 4 ਅਤੇ ਫੇਜ਼ 5 ਨੂੰ ਵੰਡਦੀ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਅਖ਼ੀਰਕਾਰ ਆਰੰਭ ਹੋ ਗਿਆ ਹੈ, ਜਿਸ ਦਾ ਲੈਵਲ ਉੱਚਾ ਹੋਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਫੇਜ਼ 4 ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸੜਕ ਦੇ ਬੁਰੀ ਤਰ੍ਹਾਂ ਟੁੱਟੀ ਹੋਣ ਕਾਰਨ ਵਸਨੀਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕੁੱਝ ਛੁਟਪੁਟ ਹਾਦਸੇ ਵੀ ਵਾਪਰੇ ਸਨ, ਜਿਸ ਕਰਕੇ ਕੰਮ ਰੁਕਿਆ ਹੋਇਆ ਸੀ। ਸਵੇਰੇ ਨਗਰ ਨਿਗਮ ਦੇ ਅਧਿਕਾਰੀ ਐਕਸੀਅਨ ਕਮਲਪ੍ਰੀਤ ਸਿੰਘ ਅਤੇ ਐੱਸਡੀਓ ਪਵਨਪ੍ਰੀਤ ਸਿੰਘ ਦੀ ਅਗਵਾਈ ਵਿਚ ਸੜਕ ਬਣਾਉਣ ਵਾਲੀ ਮਸ਼ੀਨਰੀ ਅਤੇ ਠੇਕੇਦਾਰ ਦੇ ਕਰਮਚਾਰੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਸੜਕ ਦੀ ਸਫ਼ਾਈ ਦਾ ਕੰਮ ਆਰੰਭ ਕੀਤਾ। ਸਥਿਤੀ ਦੇ ਮੱਦੇਨਜ਼ਰ ਨਿਗਮ ਅਧਿਕਾਰੀਆਂ ਵੱਲੋਂ ਮੌਕੇ ਤੇ ਪੁਲਿਸ ਫੋਰਸ ਵੀ ਸੱਦੀ ਗਈ ਸੀ। ਇਸ ਦੌਰਾਨ ਫੇਜ਼ 4 ਦੀ ਕੌਂਸਲਰ ਸ੍ਰੀਮਤੀ ਰੁਪਿੰਦਰ ਕੌਰ ਰੀਨਾ ਅਤੇ ਐੱਚਐੱਮ (ਐੱਚਐੱਮ) ਕਵਾਟਰਾਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਇੰਜ. ਐੱਨਐੱਸ ਕਲਸੀ ਦੀ ਅਗਵਾਈ ਵਿਚ ਫੇਜ਼ 4 ਦੇ ਐੱਚਐੱਮ ਵਸਨੀਕਾਂ ਵੱਲੋਂ ਫਿਰ ਤੋਂ ਸੜਕ ਦੀ ਉਸਾਰੀ ਦਾ ਵਿਰੋਧ ਕੀਤਾ ਗਿਆ। ਵਸਨੀਕਾਂ ਦੀ ਮੁੱਖ ਮੰਗ ਸੀ ਕਿ ਸੜਕ ਦਾ ਲੈਵਲ ਪਾਣੀ ਦੀ ਨਿਕਾਸੀ ਲਈ ਬਣੇ ਕਾਜ਼ਵੇ ਦੇ ਬਰਾਬਰ ਕੀਤਾ ਜਾਵੇ, ਤਾਂ ਜੋ ਫੇਜ਼ 4 ਦੇ ਪਾਣੀ ਦੀ ਨਿਕਾਸੀ ਕੁਦਰਤੀ ਤਰੀਕੇ ਨਾਲ ਹੋ ਸਕੇ। ਇਸ ਵਿਰੋਧ ਕਾਰਨ ਸੜਕ ਦਾ ਕੰਮ ਫਿਰ ਵਿਚਾਲੇ ਹੀ ਰੁਕ ਗਿਆ। ਇਹ ਰੇੜਕਾ ਕਾਫ਼ੀ ਸਮੇਂ ਤੱਕ ਚੱਲਦਾ ਰਿਹਾ। ਇਸ ਦੌਰਾਨ ਫੇਜ਼ 5 ਦੀ ਕੌਂਸਲਰ ਬਲਜੀਤ ਕੌਰ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸੜਕ ਦੀ ਉਸਾਰੀ ਤੁਰੰਤ ਆਰੰਭ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੜਕ ਦਾ ਕੰਮ ਹੋਣਾ ਚਾਹੀਦਾ ਹੈ ਅਤੇ ਇਸਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਥਾਣਾ ਫੇਜ਼ 1 ਦੇ ਐੱਸਐੱਚਓ ਸੁਖਬੀਰ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਵਸਨੀਕਾਂ ਨਾਲ ਗੱਲਬਾਤ ਕੀਤੀ। ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਨਿਗਮ ਅਧਿਕਾਰੀਆਂ ਵੱਲੋਂ ਵਸਨੀਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਗਲੇ ਤਿੰਨ ਮਹੀਨਿਆਂ ਵਿਚ ਫੇਜ਼ 4 ਦੀ ਪਾਣੀ ਦੀ ਨਿਕਾਸੀ ਦਾ ਕੰਮ ਠੀਕ ਕਰਵਾ ਦਿੱਤਾ ਜਾਵੇਗਾ ਅਤੇ ਇਸ ਸਮੇਂ ਲਈ ਉਹ ਸੜਕ ਦੀ ਉਸਾਰੀ ਦਾ ਕੰਮ ਨਾ ਰੁਕਵਾਉਣ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ, ਵਸਨੀਕਾਂ ਵੱਲੋਂ ਸਹਿਮਤੀ ਦੇ ਦਿੱਤੀ ਗਈ ਅਤੇ ਆਖ਼ਿਰਕਾਰ ਸੜਕ ਦੀ ਉਸਾਰੀ ਦਾ ਕੰਮ ਆਰੰਭ ਕਰ ਦਿੱਤਾ ਗਿਆ। ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਐੱਚਐੱਮ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਐੱਨਐੱਸ ਕਲਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਦੇ ਭਰੋਸੇ ਤੇ ਸੜਕ ਦਾ ਕੰਮ ਚਾਲੂ ਕਰਨ ਦੀ ਸਹਿਮਤੀ ਦਿੱਤੀ ਗਈ ਹੈ ਅਤੇ ਹੁਣ ਇਹ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਿੱਥੇ ਸਮੇਂ ਵਿਚ ਫੇਜ਼ 4 ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ।