ਚੋਣ ਕਮਿਸ਼ਨ ਵੱਲੋਂ ਪੰਜਾਬ ਸੀਟ ਲਈ ਰਾਜ ਸਭਾ ਚੋਣਾਂ ਦੀ ਮਿਤੀ ਦਾ ਐਲਾਨ, ਇਸ ਤਰੀਕ ਨੂੰ ਪੈਣਗੀਆਂ ਵੋਟਾਂ
ਚੋਣ ਕਮਿਸ਼ਨ ਵੱਲੋਂ ਪੰਜਾਬ ਸੀਟ ਲਈ ਰਾਜ ਸਭਾ ਚੋਣਾਂ ਲਈ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸੀਟ ਲਈ ਰਾਜ ਸਭਾ ਚੋਣਾਂ 24 ਅਕਤੂਬਰ, 2025 ਨੂੰ ਹੋਣਗੀਆਂ।
Publish Date: Wed, 24 Sep 2025 01:49 PM (IST)
Updated Date: Wed, 24 Sep 2025 02:14 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਦੀ ਇਕ ਤੇ ਜੰਮੂ-ਕਸ਼ਮੀਰ ਦੀਆਂ ਚਾਰ ਰਾਜ ਸਭਾ ਸੀਟਾਂ ਲਈ ਚੋਣ 24 ਅਕਤੂਬਰ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀ ਦੀ ਪ੍ਰਕਿਰਿਆ ਛੇ ਅਕਤੂਬਰ ਤੋਂ ਸ਼ੁਰੂ ਹੋਵੇਗੀ ਜਿਸ ਦੀ ਆਖ਼ਰੀ ਤਰੀਕ 13 ਅਕਤੂਬਰ ਹੋਵੇਗੀ। ਵੋਟਿੰਗ ਤੇ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਨਤੀਜੇ 28 ਅਕਤੂਬਰ ਨੂੰ ਐਲਾਨੇ ਜਾਣਗੇ।
ਪੰਜਾਬ ਦੀ ਰਾਜ ਸਭਾ ਸੀਟ ਆਮ ਆਦਮੀ ਪਾਰਟੀ ਦੇ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ। ਅਰੋੜਾ ਨੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਜੂਨ ’ਚ ਜ਼ਿਮਨੀ ਚੋਣ ਲੜੀ ਸੀ। ਇਸ ’ਚ ਉਹ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਪਹਿਲੀ ਜੁਲਾਈ ਨੂੰ ਉਨ੍ਹਾਂ ਰਾਜ ਸਭਾ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਰਾਜ ਸਭਾ ਕਾਰਜਕਾਲ ਨੌ ਅਪ੍ਰੈਲ, 2028 ਨੂੰ ਖ਼ਤਮ ਹੋਣਾ ਸੀ। ਓਧਰ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਤ ਰਾਜ ਬਣਨ ਤੋਂ ਬਾਅਦ 2021 ਗ਼ੁਲਾਮ ਨਬੀ ਆਜ਼ਾਦ, ਨਜ਼ੀਰ ਅਹਿਮਦ ਲਾਵੇ, ਫਯਾਜ਼ ਅਹਿਮਦ ਮੀਰ ਤੇ ਸ਼ਮਸ਼ੀਰ ਸਿੰਘ ਮਨਹਾਸ ਦਾ ਕਾਰਜਕਾਲ ਪੂਰਾ ਹੋ ਗਿਆ ਸੀ।
ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਦੋ ਸੂਬਿਆਂ ਜੰਮੂ-ਕਸ਼ਮੀਰ (ਵਿਧਾਨ ਸਭਾ ਸਮੇਤ) ਤੇ ਲੱਦਾਖ (ਵਿਧਾਨ ਸਭਾ ਰਹਿਤ) ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਿਆ ਗਿਆ ਹੈ। ਜੰਮੂ ਕਸ਼ਮੀਰ ਪੁਨਰਗਠਨ ਐਕਟ ਮੁਤਾਬਕ, ਮੌਜੂਦਾ ਜੰਮੂ-ਕਸ਼ਮੀਰ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਰਾਜ ਸਭਾ ਦੇ ਚਾਰ ਮੌਜੂਦਾ ਮੈਂਬਰਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੂੰ ਅਲਾਟ ਸੀਟਾਂ ਨੂੰ ਭਰਨ ਲਈ ਚੁਣਿਆ ਮੰਨਿਆ ਜਾਏਗਾ•। ਚੁਣੇ ਮੈਂਬਰਾਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਤੋਂ ਸਾਰੀਆਂ ਚਾਰ ਸੀਟਾਂ ਖਾਲੀ ਪਈਆਂ ਸਨ ਕਿਉਂਕਿ ਖਾਲੀ ਸੀਟਾਂ ’ਤੇ ਚੋਣ ਕਰਵਾਉਣ ਜ਼ਰੂਰੀ ਚੋਣ ਕਮੇਟੀ ਉਪਲਬਧ ਨਹੀਂ ਸੀ। ਕਮਿਸ਼ਨ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਸੂਬਾਈ ਵਿਧਾਨ ਸਭਾ ਦੇ ਗਠਨ ਤੋਂ ਬਾਅਦ ਦੋ ਸਾਲਾ ਚੋਣ ਕਰਾਉਣ ਲਈ ਇਕ ਚੋਣ ਕਮੇਟੀ ਦੀ ਲੋੜ ਹੈ•। ਫਿਲਹਾਲ ਵੋਟਾਂ ਦੀ ਗਿਣਤੀ 24 ਅਕਤੂਬਰ ਦੀ ਸ਼ਾਮ ਨੂੰ ਹੀ ਮਤਦਾਨ ਖਤਮ ਹੋਣ ਦੇ ਇਕ ਘੰਟੇ ਬਾਅਦ ਹੋਵੇਗੀ।