ਪੰਜਾਬ ਪੁਲਿਸ (ਸਾਈਬਰ ਕ੍ਰਾਈਮ ਵਿਭਾਗ) ਨੇ ਵੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੂੰ ਰਸਮੀ ਤੌਰ 'ਤੇ ਪੱਤਰ ਲਿਖ ਕੇ IT Act, 2000 ਦੀ ਧਾਰਾ 69A ਤਹਿਤ ਇਸ ਸੀਰੀਜ਼ ਦੇ ਟ੍ਰੇਲਰ ਅਤੇ ਰਿਲੀਜ਼ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।

ਡਿਜੀਟਲ ਡੈਸਕ, ਚੰਡੀਗੜ੍ਹ : ਓ.ਟੀ.ਟੀ ਪਲੇਟਫਾਰਮ ZEE5 'ਤੇ 27 ਅਪ੍ਰੈਲ 2026 ਨੂੰ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ 'ਲਾਰੈਂਸ ਆਫ਼ ਪੰਜਾਬ' (Lawrence of Punjab) ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਦੇ ਕਈ ਪ੍ਰਮੁੱਖ ਆਗੂਆਂ ਅਤੇ ਪੰਜਾਬ ਪੁਲਿਸ ਨੇ ਇਸ ਸੀਰੀਜ਼ 'ਤੇ ਪਾਬੰਦੀ ਲਗਾਉਣ ਲਈ ਕੇਂਦਰ ਸਰਕਾਰ ਅਤੇ ਅਦਾਲਤ ਤੱਕ ਪਹੁੰਚ ਕੀਤੀ ਹੈ।
ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਸੀਰੀਜ਼ 'ਤੇ ਕੇਂਦਰ ਸਰਕਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ਅਪਰਾਧ ਅਤੇ ਗੈਂਗਸਟਰ ਕਲਚਰ ਨੂੰ ਮਹਿਮਾਮਈ (Glorify) ਕਰਦੀ ਹੈ, ਜੋ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਦੱਸ ਦੇਈਏ ਕਿ ਰਾਜਾ ਵੜਿੰਗ ਵੱਲੋਂ ਪਹਿਲਾਂ ਵੀ ਇਸ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ।
ਪੰਜਾਬ ਪੁਲਿਸ (ਸਾਈਬਰ ਕ੍ਰਾਈਮ ਵਿਭਾਗ) ਨੇ ਵੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੂੰ ਰਸਮੀ ਤੌਰ 'ਤੇ ਪੱਤਰ ਲਿਖ ਕੇ IT Act, 2000 ਦੀ ਧਾਰਾ 69A ਤਹਿਤ ਇਸ ਸੀਰੀਜ਼ ਦੇ ਟ੍ਰੇਲਰ ਅਤੇ ਰਿਲੀਜ਼ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (PIL) ਵੀ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 24 ਅਪ੍ਰੈਲ 2026 ਨੂੰ ਹੋਣੀ ਤੈਅ ਹੈ।
Have written to Hon Prime Minister, Shri @narendramodi Ji to kindly issue directions to the I&B and the IT ministries for banning the release of the web series ‘Lawrence of Punjab’ as it glorifies and promotes crime and gangster culture.
Punjab is the land of Gurus, Rishis and… pic.twitter.com/6X3hC2xkXR
— Amarinder Singh Raja Warring (@RajaBrar_INC) April 23, 2026
ਦੱਸਣਾ ਬਣਦਾ ਹੈ ਕਿ ਵਿਰੋਧ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਭਗਤ ਸਿੰਘ ਵਰਗੇ ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਦੀ ਪਛਾਣ ਨੂੰ ਇੱਕ ਖ਼ਤਰਨਾਕ ਅਪਰਾਧੀ ਨਾਲ ਜੋੜਨਾ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦਾ ਵੱਡਾ ਅਪਮਾਨ ਹੈ।
ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਮਾਜ ਨੂੰ ਦੇਣ ਦੇ ਨਾਂ 'ਤੇ ਸਿਫ਼ਰ ਅਪਰਾਧੀਆਂ ਨੂੰ ਨਾਇਕ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਹੈ । ਇਸ ਸੀਰੀਜ਼ ਦਾ ਸਿਰਲੇਖ ਅਤੇ ਸਮੱਗਰੀ ਅਪਰਾਧਿਕ ਦੁਨੀਆ ਨੂੰ ਖਿੱਚ ਦਾ ਕੇਂਦਰ ਬਣਾ ਕੇ ਪੇਸ਼ ਕਰ ਰਹੀ ਹੈ, ਜੋ ਸਮਾਜਿਕ ਸ਼ਾਂਤੀ ਲਈ ਵੱਡਾ ਖ਼ਤਰਾ ਹੈ।
ਫਿਲਹਾਲ ਕੇਂਦਰ ਸਰਕਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਇਸ ਮਾਮਲੇ 'ਤੇ ਅੰਤਿਮ ਫੈਸਲਾ ਆਉਣਾ ਬਾਕੀ ਹੈ, ਜਦਕਿ ਪੂਰੇ ਪੰਜਾਬ ਵਿੱਚ ਇਸ ਦੇ ਖਿਲਾਫ ਗੁੱਸੇ ਦੀ ਲਹਿਰ ਹੈ।