ਰੇਲਵੇ ਫਾਟਕ ਦੋ ਦਿਨਾਂ ਲਈ ਰਹੇਗਾ ਬੰਦ
ਰੇਲਵੇ ਫਾਟਕ 2 ਦਿਨਾਂ ਲਈ ਰਹੇਗਾ ਬੰਦ, ਪੰਜ ਗ੍ਰਾਮੀ ਪਿੰਡਾਂ ਦੇ ਲੋਕਾਂ ਨੂੰ ਆਵੇਗੀ ਪਰੇਸ਼ਾਨੀ
Publish Date: Fri, 12 Dec 2025 06:01 PM (IST)
Updated Date: Fri, 12 Dec 2025 06:03 PM (IST)

ਪੰਜ ਗ੍ਰਾਮੀ ਪਿੰਡਾਂ ਦੇ ਲੋਕਾਂ ਨੂੰ ਆਵੇਗੀ ਪਰੇਸ਼ਾਨੀ, ਵਿਦਿਆਰਥੀ ਵੀ ਹੋਣਗੇ ਪਰੇਸ਼ਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਕਾਲਕਾ ਰੇਲ ਲਾਈਨ ’ਤੇ ਡੇਰਾਬੱਸੀ-ਈਸਾਪੁਰ ਰੋਡ ’ਤੇ ਸਥਿਤ ਰੇਲਵੇ ਫਾਟਕ ਨੰ. 115-ਸੀ ਰੇਲ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਰੇਲਵੇ ਵਿਭਾਗ ਵੱਲੋਂ ਦੋ ਦਿਨਾਂ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਸ਼ਨਿੱਚਰਵਾਰ 13 ਦਸੰਬਰ ਨੂੰ ਸਵੇਰ 8:00 ਵਜੇ ਤੋਂ 14 ਦਸੰਬਰ ਸ਼ਾਮ 8:00 ਵਜੇ ਤੱਕ ਰੇਲਵੇ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਉਕਤ ਰੇਲਵੇ ਫਾਟਕ ਬੰਦ ਰਹੇਗਾ। ਫਾਟਕ ਬੰਦ ਹੋਣ ਦੀ ਸੂਚਨਾ ਮਿਲਣ ’ਤੇ ਫਾਟਕ ਪਾਰ ਸਥਿਤ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਚਿੰਤਾ ਸਤਾਉਣ ਲੱਗ ਗਈ ਹੈ। ਇਨ੍ਹਾਂ ਵਿਚ ਸਕੂਲ ਕਾਲਜ ਜਾਣ ਵਾਲੇ ਬੱਚੇ ਵੀ ਸ਼ਾਮਲ ਹਨ। ਰੇਲਵੇ ਪੁਲਿਸ ਚੌਕੀ ਘੱਗਰ ਦੇ ਇੰਚਾਰਜ ਏਐੱਸਆਈ ਗੁਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਪਿੰਡਾਂ ਦੇ ਲੋਕਾਂ ਨੂੰ ਡੇਰਾਬੱਸੀ ਆਉਣ ਲਈ ਜਾਂ ਤਾਂ ਜਨੇਤਪੁਰ ਵਿੱਖੇ ਬਣੇ ਰੇਲਵੇ ਅੰਡਰਪਾਥ ਤੋਂ ਹੋ ਕੇ ਆਉਣਾ-ਜਾਣਾ ਪਵੇਗਾ ਜਾਂ ਫਿਰ ਅਮਰਦੀਪ ਕਾਲੋਨੀ ਵਿਚੋਂ ਹੁੰਦੇ ਹੋਏ ਰੇਲਵੇ ਲਾਈਨ ਹੇਠੋਂ ਨਿਕਲਦੇ ਦੂਸ਼ਿਤ ਪਾਣੀ ਵਾਲੇ ਨਾਲੇ ਕੋਲੋਂ ਨਿਕਲ ਕੇ ਆਉਣਾ ਪਵੇਗਾ। ਫਾਟਕ ਬੰਦ ਹੋਣ ਕਾਰਨ ਇਨ੍ਹਾਂ ਰਸ਼ਤਿਆਂ ਨੂੰ ਲੋਕਾਂ ਨੂੰ ਵਰਤਣਾ ਪਵੇਗਾ। ਪਹਿਲਾਂ ਵੀ ਜਦੋਂ ਫਾਟਕ ਬੰਦ ਕੀਤਾ ਗਿਆ ਸੀ ਤਾਂ ਲੋਕ ਇਨ੍ਹਾਂ ਰਾਹਾਂ ਦਾ ਇਸਤੇਮਾਲ ਕਰਦੇ ਸੀ, ਜਿਥੇ ਆਵਾਜਾਈ ਜ਼ਿਆਦਾ ਹੋਣ ਕਰਕੇ ਜਾਮ ਲਗ ਜਾਂਦਾ ਸੀ। ਪੈਦਲ ਆਉਣ-ਜਾਣ ਵਾਲੇ ਰੇਲ ਲਾਈਨ ਉਪਰੋਂ ਨਿਕਲਦੇ ਹਨ ਅਤੇ ਕੁੱਝ ਦੁਪਹੀਆ ਵਾਹਨ ਚਾਲਕ ਵੀ ਰੇਲ ਲਾਈਨ ਪਾਰ ਕਰਕੇ ਨਿਕਲ ਜਾਂਦੇ ਹਨ। ਫਾਟਕ ਪਾਰ ਧਨੌਨੀ ਪਿੰਡ ਨੂੰ ਜਾਂਦੀ ਸੜਕ ’ਤੇ ਤਿੰਨ ਪ੍ਰਾਈਵੇਟ ਸਕੂਲ ਵੀ ਪੈਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਫਾਟਕ ਪਾਰ ਖੇਤਰ ਵਿਚੋਂ ਜਾਂਦੇ ਹਨ। ਪੈਦਲ ਜਾਣ ਵਾਲੇ ਲਾਈਨ ਪਾਰ ਕਰਕੇ ਚਲੇ ਜਾਣਗੇ, ਲੇਕਿਨ ਸਕੂਲ ਬੱਸਾਂ ਨੂੰ ਦੂਰ ਦਾ ਪੈਂਡਾ ਤੈਅ ਕਰਕੇ ਜਾਣਾ ਪਵੇਗਾ। ਦੱਸਣਯੋਗ ਹੈ ਕਿ ਇੱਥੋਂ ਹਰ ਸਮੇਂ ਵੱਡੀ ਗਿਣਤੀ ਵਿਚ ਵਾਹਨ ਨਿਕਲਦੇ ਹਨ। ਇਕ ਵਾਰ ਫਾਟਕ ਬੰਦ ਹੋਣ ’ਤੇ ਤਹਿਸੀਲ ਤੱਕ ਵਾਹਨਾਂ ਦੀ ਲਾਈਨ ਲਗ ਜਾਂਦੀ ਹੈ।