ਦਿੱਲੀ ਤਖ਼ਤ ਦੀ ਨਾਪਾਕ ਸਾਜ਼ਿਸ਼ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ : ਸੋਹਾਣਾ
ਦਿੱਲੀ ਤਖ਼ਤ ਦੀ ਨਾਪਾਕ ਸਾਜ਼ਿਸ਼ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ :-ਸੋਹਾਣਾ
Publish Date: Sun, 23 Nov 2025 05:01 PM (IST)
Updated Date: Sun, 23 Nov 2025 05:01 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕੇਂਦਰ ਦੀ ਭਾਜਪਾ ਹਕੂਮਤ ਇਕ ਵਾਰ ਫੇਰ ਬੇਲਗਾਮ ਹੋ ਕੇ ਪੰਜਾਬੀਆਂ ਨੂੰ ਜ਼ਖ਼ਮ ਦੇਣ ਦੇ ਯਤਨਾਂ ਵਿਚ ਹੈ, ਜਿਸ ਨੂੰ ਪੰਜਾਬੀ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ। ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿਚ ਜਥੇਦਾਰ ਸੋਹਾਣਾ ਨੇ ਕਿਹਾ ਕਿ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਬੀਜੇਪੀ ਸੰਵਿਧਾਨ ਦੀ 131ਵੀਂ ਸੋਧ ਰਾਹੀਂ ਧਾਰਾ 240 ਪਾਸ ਕਰਵਾਉਣ ਦੀ ਤਜਵੀਜ਼ ਲੈਕੇ ਆ ਰਹੀ ਹੈ, ਜਿਹੜੀ ਕਿ ਪੰਜਾਬ ਦੇ ਭਵਿੱਖ ਅਤੇ ਹਸਤਾਖ਼ਰ ਲਈ ਤਬਾਹਕੁੰਨ ਸਾਬਤ ਹੋਵੇਗਾ। ਅਕਾਲੀ ਆਗੂ ਨੇ ਕਿਹਾ ਕਿ ਪਾਰਲੀਮੈਂਟ ਦੇ ਦੋਵੇਂ ਹਾਊਸ ਵਿਚ ਬੀਜੇਪੀ ਦੇ ਮੈਂਬਰਾਂ ਦੀ ਸਮਰੱਥ ਗਿਣਤੀ ਹੈ, ਲਿਹਾਜਾ ਪੇਸ਼ ਕੀਤਾ ਜਾਣ ਵਾਲਾ ਕੋਈ ਵੀ ਬਿੱਲ ਆਸਾਨੀ ਨਾਲ ਪਾਸ ਹੋਣਾ ਸੁਭਾਵਿਕ ਹੈ। ਜਥੇਦਾਰ ਸੋਹਾਣਾ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪੰਜਾਬ ਦਾ ਚੰਡੀਗੜ੍ਹ ਉੁੱਤੋਂ ਹੱਕ ਸਦਾ ਲਈ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਦੇ ਆਬਾਦ ਹੋਣ ਕਾਰਨ ਤੱਤਕਾਲੀ ਕਾਂਗਰਸੀ ਹਕੂਮਤ ਨੇ ਪੰਜਾਬ ਵੰਡ ਵੇਲੇ ਇੰਦਰਾ ਗਾਂਧੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੋਰਨਾਂ ਮੰਗਾਂ ਦੇ ਨਾਲ-ਨਾਲ ਚੰਡੀਗੜ੍ਹ-ਪੰਜਾਬ ਦੇ ਸਪੁਰਦ ਕਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਰਾਜੀਵ ਗਾਂਧੀ ਸਮਝੌਤੇ ਦੌਰਾਨ ਵੀ ਤਸਦੀਕ ਕੀਤਾ ਗਿਆ ਸੀ। ਹੁਣ ਬੀਜੇਪੀ ਪੰਜਾਬ ਨਾਲ ਪੱਖਪਾਤੀ ਵਿਤਕਰਾ ਕਰਕੇ ਇਸ ਨੂੰ ਸਦਾ ਲਈ ਪੰਜਾਬ ਤੋਂ ਅਲੱਗ ਕਰ ਦੇਣਾ ਚਾਹੁੰਦੀ ਹੈ। ਜਥੇਦਾਰ ਸੋਹਾਣਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਡਾਕਾ, ਬੀਬੀਐੱਮਬੀ ’ਤੇ ਪੰਜਾਬ ਦੇ ਹੱਕ ’ਤੇ ਡਾਕਾ, ਪੰਜਾਬ ਯੂਨੀਵਰਸਿਟੀ ’ਤੇ ਡਾਕਾ, ਪੰਜਾਬੀ ਬੋਲਦੇ ਇਲਾਕਿਆਂ ’ਤੇ ਡਾਕਾ ਅਤੇ ਚੰਡੀਗੜ੍ਹ ਨੂੰ ਲੁੱਟਣ ਦੇ ਤਾਜ਼ਾ ਯਤਨਾਂ ਨੇ ਇਕ ਵਾਰ ਫੇਰ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕੀਤਾ ਹੈ, ਜਿਸ ਨੂੰ ਪੰਜਾਬ ਦੇ ਲੋਕ ਸਖ਼ਤ ਵਿਰੋਧ ਅਤੇ ਸੰਘਰਸ਼ ਰਾਹੀਂ ਕਾਮਯਾਬ ਨਹੀਂ ਹੋਣ ਦੇਣਗੇ। ਜਥੇਦਾਰ ਸੋਹਾਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਰਦ ਰੁੱਤ ਸੈਸ਼ਨ ਦੌਰਾਨ ਉਕਤ ਤਜਵੀਜ਼ਸ਼ੁਦਾ ਬਿੱਲ ਕਿਸੇ ਵੀ ਕੀਮਤ ’ਤੇ ਪੇਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬ ਦਾ ਮਾਹੌਲ ਇਕ ਵਾਰ ਫੇਰ ਖ਼ਰਾਬ ਕਰਨ ਲਈ ਸਮਾਜ ਵਿਰੋਧੀ ਅਨਸਰ ਸਿਰ ਚੁੱਕਣਗੇ, ਜਿਹੜਾ ਕਿ ਸਮੁੱਚੇ ਦੇਸ਼ ਲਈ ਘਾਤਕ ਸਿੱਧ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨਪਸੰਦ ਮਾਹੌਲ ਦੀ ਸਥਾਪਤੀ ਲਈ ਯਤਨਸ਼ੀਲ ਰਿਹਾ ਹੈ।