ਕਾਨ 'ਚ ਪੰਜਾਬੀ ਸੱਭਿਆਚਾਰ ਦੀ ਚਮਕ: 'ਚੜ੍ਹਦੀਕਲਾ' ਦੀ ਟੀਮ ਦਾ ਮੁਹਾਲੀ ਏਅਰਪੋਰਟ 'ਤੇ ਨਿੱਘਾ ਸਵਾਗਤ
ਕਾਨ ਫਿਲਮ ਫੈਸਟੀਵਲ 'ਚ ਰੂਪੀ ਗਿੱਲ ਨੇ ਰਵਾਇਤੀ ਪੰਜਾਬੀ ਸ਼ੈਲੀ 'ਚ ਸ਼ੋਅ ਕੀਤਾ। ਇਕ ਆਫ-ਵ੍ਹਾਈਟ ਪਹਿਰਾਵਾ ਤੇ ਕੁੰਦਨ ਗਹਿਣੇ ਪਹਿਨੇ, ਜਦੋਂਕਿ ਹਿੰਮਤ ਸੰਧੂ ਨੇ ਵੀ ਰਵਾਇਤੀ ਲੁੱਕ ਪੇਸ਼ ਕੀਤੀ। ਦੋਵਾਂ ਕਲਾਕਾਰਾਂ ਦੀ ਮੌਜੂਦਗੀ ਨੇ ਅੰਤਰਰਾਸ਼ਟਰੀ ਮੰਚ 'ਤੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਵਿਸ਼ੇਸ਼ ਪਛਾਣ ਦਿਵਾਈ।
Publish Date: Sat, 16 May 2026 02:31 PM (IST)
Updated Date: Sat, 16 May 2026 05:19 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ: 2026 ਦੇ ਕਾਨ ਫਿਲਮ ਫੈਸਟੀਵਲ 'ਚ ਰੈੱਡ ਕਾਰਪੇਟ 'ਤੇ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬੀ ਫਿਲਮ 'ਚੜ੍ਹਦੀਕਲਾ' ਦੇ ਅਦਾਕਾਰ ਰੂਪੀ ਗਿੱਲ ਤੇ ਹਿੰਮਤ ਸੰਧੂ ਨਿਰਮਾਤਾ ਗੁਰਕਰਨ ਤੇ ਪ੍ਰਤਾਪ ਢਿੱਲੋਂ ਦਾ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਮੁਹਾਲੀ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ 'ਚ ਪ੍ਰਸ਼ੰਸਕ ਹਵਾਈ ਅੱਡੇ 'ਤੇ ਇਕੱਠੇ ਹੋ ਗਏ। ਅਦਾਕਾਰਾਂ ਦਾ ਢੋਲ-ਢਮੱਕੇ ਤੇ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਕਾਨ ਫਿਲਮ ਫੈਸਟੀਵਲ 'ਚ ਰੂਪੀ ਗਿੱਲ ਨੇ ਰਵਾਇਤੀ ਪੰਜਾਬੀ ਸ਼ੈਲੀ 'ਚ ਸ਼ੋਅ ਕੀਤਾ। ਇਕ ਆਫ-ਵ੍ਹਾਈਟ ਪਹਿਰਾਵਾ ਤੇ ਕੁੰਦਨ ਗਹਿਣੇ ਪਹਿਨੇ, ਜਦੋਂਕਿ ਹਿੰਮਤ ਸੰਧੂ ਨੇ ਵੀ ਰਵਾਇਤੀ ਲੁੱਕ ਪੇਸ਼ ਕੀਤੀ। ਦੋਵਾਂ ਕਲਾਕਾਰਾਂ ਦੀ ਮੌਜੂਦਗੀ ਨੇ ਅੰਤਰਰਾਸ਼ਟਰੀ ਮੰਚ 'ਤੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਵਿਸ਼ੇਸ਼ ਪਛਾਣ ਦਿਵਾਈ। ਕਾਨ ਵਿਖੇ ਫਿਲਮ "ਚੜ੍ਹਦੀ ਕਲਾ" ਦੀ ਵਿਸ਼ੇਸ਼ ਸਕ੍ਰੀਨਿੰਗ ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲਿਆ।
ਫਿਲਮ ਨਾਲ ਜੁੜੇ ਕਲਾਕਾਰਾਂ ਨੇ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਹੈ, ਸਗੋਂ ਪੂਰੇ ਪੰਜਾਬ ਅਤੇ ਪੰਜਾਬੀ ਸਿਨੇਮਾ ਲਈ ਮਾਣ ਵਾਲਾ ਪਲ ਹੈ।
ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲ ਕਰਦਿਆਂ ਅਦਾਕਾਰਾਂ ਨੇ ਕਿਹਾ ਕਿ ਕਾਨ ਵਰਗੇ ਵੱਕਾਰੀ ਪਲੇਟਫਾਰਮ 'ਤੇ ਪੰਜਾਬ ਦੇ ਸੱਭਿਆਚਾਰ, ਪਹਿਰਾਵੇ ਤੇ ਸਿਨੇਮਾ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਉਨ੍ਹਾਂ ਲਈ ਬਹੁਤ ਵੱਡਾ ਸਨਮਾਨ ਹੈ। ਪ੍ਰਸ਼ੰਸਕਾਂ ਨੇ ਅਦਾਕਾਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਤੇ ਉਨ੍ਹਾਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ।