ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਦਿੱਤੇ ਗਏ ਮੁਲਾਜ਼ਮ ਹਿਤੈਸ਼ੀ ਫ਼ੈਸਲੇ ਲਾਗੂ ਕਰਨ ਵਿਚ ਸਰਕਾਰ ਟਾਲ-ਮਟੋਲ ਕਰ ਰਹੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਖ਼ਿਲਾਫ਼ ਮੌਜੂਦਾ ਤੇ ਸੇਵਾਮੁਕਤ ਕਰਮਚਾਰੀਆਂ ਨੇ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਬੈਠਕ ਵਿਚ ਲਿਆ ਗਿਆ। ਇਸ ਬੈਠਕ ਵਿਚ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਮੌਜੂਦਾ ਹਾਲਾਤਾਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ।
ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਦਿੱਤੇ ਗਏ ਮੁਲਾਜ਼ਮ ਹਿਤੈਸ਼ੀ ਫ਼ੈਸਲੇ ਲਾਗੂ ਕਰਨ ਵਿਚ ਸਰਕਾਰ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਆਗਾਮੀ ਚੋਣਾਂ ਵਿਚ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।
ਬੈਠਕ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ 5 ਮਈ ਤੋਂ 8 ਮਈ ਦੌਰਾਨ ਕਿਸੇ ਇਕ ਦਿਨ ਜ਼ਿਲ੍ਹਾ ਪੱਧਰੀ ਜਨਰਲ ਇਜਲਾਸ ਕਰਵਾਏ ਜਾਣਗੇ, ਜਿਨ੍ਹਾਂ ਵਿਚ ਨੇੜਲੇ ਜ਼ਿਲ੍ਹਿਆਂ ਦੇ ਸੂਬਾਈ ਆਗੂ ਵੀ ਸ਼ਿਰਕਤ ਕਰਨਗੇ। ਇਨ੍ਹਾਂ ਇਜਲਾਸਾਂ ਵਿਚ ਸੰਘਰਸ਼ ਨੂੰ ਤੇਜ਼ ਕਰਨ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ 15 ਮਈ ਨੂੰ ਸੰਗਰੂਰ ਵਿਚ ਸੂਬਾ ਅਤੇ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਕਾਲੇ ਚੋਲੇ ਪਾ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਵੱਲ ਸੰਕੇਤਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਗਲੇ ਸੰਘਰਸ਼ਕਾਰੀ ਕਦਮਾਂ ਦਾ ਵੀ ਐਲਾਨ ਕੀਤਾ ਜਾਵੇਗਾ, ਜਿਸ ਵਿਚ ਕਲਮ-ਛੋੜ ਹੜਤਾਲ ਅਤੇ ਕੈਬਨਿਟ ਸਬ-ਕਮੇਟੀ ਮੈਂਬਰਾਂ ਦੇ ਘਰਾਂ ਦਾ ਘਿਰਾਓ ਵੀ ਸ਼ਾਮਲ ਹੋ ਸਕਦਾ ਹੈ।
ਯੂਨੀਅਨ ਨੇ ਨਗਰ ਨਿਕਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜ਼ਿਲ੍ਹਾ ਪੱਧਰ ’ਤੇ ਕਾਲੇ ਝੰਡਿਆਂ ਨਾਲ ਮੋਟਰਸਾਈਕਲ ਮਾਰਚ ਕੱਢੇ ਜਾਣਗੇ। ਮੁੱਖ ਨਾਅਰਾ ਹੋਵੇਗਾ “ਇਹ ਸਰਕਾਰ ਨਿਕੰਮੀ ਹੈ, ਆਪਾਂ ਇਹ ਬਦਲਣੀ ਹੈ”। ਵੋਟਾਂ ਵਾਲੇ ਦਿਨ ਕਲੈਰੀਕਲ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਚੋਣ ਡਿਊਟੀ ਕਰਨਗੇ ਅਤੇ ਹੋਰ ਜਥੇਬੰਦੀਆਂ ਨੂੰ ਵੀ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਵੇਗੀ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਵਾਈਸ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਨੀਰੁਧ ਮੋਦਗਿੱਲ, ਪਿੱਪਲ ਸਿੰਘ ਸਿੱਧੂ ਫਿਰੋਜ਼ਪੁਰ, ਖੁਸ਼ਕਰਨਜੀਤ ਸਿੰਘ ਮੁਕਤਸਰ ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ, ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਤੇਜਿੰਦਰ ਸਿੰਘ ਨੰਗਲ ਸੂਬਾ ਮੁੱਖ ਸਲਾਹਕਾਰ, ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਸੂਬਾ ਪ੍ਰਧਾਨ ਕਮਿਸ਼ਨਰ ਦਫ਼ਤਰ, ਲਖਬੀਰ ਸਿੰਘ ਗਰੇਵਾਲ ਸੂਬਾ ਪ੍ਰਧਾਨ ਖ਼ਜ਼ਾਨਾ ਕਰਮਚਾਰੀ ਐਸੋਸੀਏਸ਼ਨ, ਵਿਨੋਦ ਸਾਗਰ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼, ਅਮਰਪ੍ਰੀਤ ਸਿੰਘ ਸੂਬਾ ਪ੍ਰਧਾਨ ਐੱਨਸੀਸੀ, ਯਾਦਵਿੰਦਰ ਸਿੰਘ ਪ੍ਰਧਾਨ ਕਮਿਸ਼ਨਰ ਦਫ਼ਤਰ ਫਿਰੋਜਪੁਰ, ਸੰਦੀਪ ਭੁੰਬਕ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੰਗਤ ਰਾਮ ਬਾਗ਼ੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਨੀਲ ਕੁਮਾਰ ਜ਼ਿਲ੍ਹਾ ਪ੍ਰਧਾਨ ਫ਼ਾਜਲਿਕਾ, ਗੁਰਚਰਨ ਸਿੰਘ ਪੰਧੇਰ ਜ਼ਿਲ੍ਹਾ ਜਨਰਲ ਸਕੱਤਰ ਲੁਧਿਆਣਾ, ਅਮਿਤ ਕਟੋਚ ਜ਼ਿਲ੍ਹਾ ਪ੍ਰਧਾਨ ਮੁਹਾਲੀ, ਗੁਰਵਿੰਦਰ ਸਿੰਘ ਜਨਰਲ ਸਕੱਤਰ ਐੱਨਸੀਸੀ, ਗੁਰਪ੍ਰੀਤ ਸਿੰਘ, ਰਕੇਸ਼ ਕੁਮਾਰ ਅਤੇ ਸੁਨੀਲ ਕੁਮਾਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਆਦਿ ਸ਼ਾਮਲ ਹੋਏ।