ਪੰਜਾਬ ਰੋਡਵੇਜ਼/ਪਨਬਸ, PRTC ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਗ੍ਰਿਫ਼ਤਾਰ, ਇਹ ਹੈ ਵੱਡੀ ਵਜ੍ਹਾ
ਧਰਨੇ ਨੂੰ ਫੇਲ੍ਹ ਕਰਨ ਲਈ ਸੀਟੂ ਨਾਲ ਸਬੰਧਤ ਯੂਨੀਅਨ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਪੂਰੀ ਪੀਆਰਟੀਸੀ ਵਿੱਚ ਸਮੁੱਚੇ ਕਰਮਚਾਰੀਆਂ ਨੇ ਪੂਰਨ ਹੜਤਾਲ ਚਾਲੂ ਕਰ ਦਿੱਤੀ ਹੈ।
Publish Date: Fri, 28 Nov 2025 10:50 AM (IST)
Updated Date: Fri, 28 Nov 2025 10:58 AM (IST)

ਜੈ ਸਿੰਘ ਛਿੱਬਰ, ਚੰਡੀਗੜ੍ਹ: PRTC ਦੇ ਸੀਟੂ ਨਾਲ ਸਬੰਧਤ ਯੂਨੀਅਨ-ਪੰਜਾਬ ਰੋਡਵੇਜ਼/ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਾਰੇ ਆਗੂਆਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈ। ਪੀਆਰਟੀਸੀ ਵਿੱਚ ਕੰਮ ਕਰ ਰਹੀਆਂ ਸਾਰੀਆਂ ਯੂਨੀਅਨਾਂ ਨੇ ਕਿਲੋਮੀਟਰ ਬੱਸਾਂ ਦੇ ਟੈਂਡਰ ਖੋਲ੍ਹਣ ਵਿਰੁੱਧ ਅੱਜ ਪਟਿਆਲਾ ਦੇ ਹੈਡ ਆਫਿਸ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਧਰਨੇ ਨੂੰ ਫੇਲ੍ਹ ਕਰਨ ਲਈ ਸੀਟੂ ਨਾਲ ਸਬੰਧਤ ਯੂਨੀਅਨ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਪੂਰੀ ਪੀਆਰਟੀਸੀ ਵਿੱਚ ਸਮੁੱਚੇ ਕਰਮਚਾਰੀਆਂ ਨੇ ਪੂਰਨ ਹੜਤਾਲ ਚਾਲੂ ਕਰ ਦਿੱਤੀ ਹੈ। ਸੀਟੂ ਦੇ ਸੁਬਾਈ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ, ਜਨਰਲ ਸਕੱਤਰ ਸਾਥੀ ਮਹਾਂਸਿੰਘ ਰੌੜੀ, ਵਿੱਤ ਸਕੱਤਰ ਸਾਥੀ ਸੁਖਵਿੰਦਰ ਸਿੰਘ ਲੋਟੇ ਨੇ ਇਨ੍ਹਾਂ ਗ੍ਰਿਫ਼ਤਾਰੀਆ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਪਨਬਸ ਅਤੇ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਲੋਕਾਂ ਦੀ ਲੋੜ ਅਨੁਸਾਰ ਨਵੀਆਂ ਬੱਸਾ ਨਾਲ ਫਲੀਟ ਦਾ ਵਾਧਾ ਕੀਤਾ ਜਾਵੇ ਅਤੇ ਟਰੇਡ ਯੂਨੀਅਨ ਲਹਿਰ ਨੂੰ ਕੁਚਲਣ ਦੀਆਂ ਦੀ ਨੀਤੀ ਉਤੇ ਅਮਲ ਬੰਦ ਕਰਕੇ ਗ੍ਰਿਫਤਾਰ ਲੀਡਰ ਰਿਹਾ ਕੀਤੇ ਜਾਣ। ਸੀਟੂ ਆਗੂਆਂ ਨੇ ਬਾਕੀ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੇ ਆਗੂਆ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਤੋਂ ਪਹਿਲਾ ਮੈਨੇਜਮੈਂਟ/ਸਰਕਾਰ ਨਾਲ ਗੱਲਬਾਤ ਨਾ ਕਰਨ ਅਤੇ ਆਪਣੇ ਪੂਰਨ ਹੜਤਾਲ ਦੇ ਫੈਸਲੇ ਉਤੇ ਡੱਟ ਕੇ ਪਹਿਰਾ ਦੇਣ।