ਉਨ੍ਹਾਂ ਦੱਸਿਆ ਕਿ ਨਰਿੰਦਰਦੀਪ ਸਿੰਘ ਨੂੰ ਸੀਆਈਏ ਸਟਾਫ਼-II ਬਠਿੰਡਾ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲਿਆ ਸੀ ਅਤੇ ਬਠਿੰਡਾ ਆਈ.ਆਈ.ਟੀ ਕੰਪਲੈਕਸ ਵਿਚ ਇੱਕ ਗੁਪਤ 'ਤਸ਼ੱਦਦ ਸੈੱਲ' ਵਿਚ ਬੁਰੀ ਤਰ੍ਹਾਂ ਤਸੀਹੇ ਦਿੱਤੇ, ਜਿਸ ਨਾਲ ਉਸਦੀ ਮੌਤ ਹੋ ਗਈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਨਰਿੰਦਰਦੀਪ ਸਿੰਘ ਦੀ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ਼ (2) ਵਿਚ ਹੋਈ ਮੌਤ ਬਾਰੇ ਜਾਂਚ ਰਿਪੋਰਟ ਜਨਤਕ ਕੀਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪੁਲਿਸ ਹਿਰਾਸਤ ਦੌਰਾਨ ਨਰਿੰਦਰਦੀਪ ਸਿੰਘ ਦੀ 23 ਮਈ ਨੂੰ ਮੌਤ ਹੋ ਗਈ। ਪੁਲਿਸ ਹਿਰਾਸਤ ਵਿਚ ਮੌਤ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ ਸਨ ਤਾਂ ਮਨੁੱਖੀ ਅਧਿਕਾਰ ਸੰਗਠਨ ਦੀ ਟੀਮ ਨੇ ਪਰਿਵਾਰਕ ਮੌੰਬਰਾਂ ਨਾਲ ਗੱਲਬਾਤ ਕਰਦੇ ਹੋਏ ਵੱਖ ਵੱਖ ਗਵਾਹਾਂ ਨਾਲ ਮੁਲਾਕਾਤ ਕੀਤੀ।
ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਅਤੇ ਉਪ ਚੇਅਰਮੈਨ ਡਾ ਪਿਆਰਾ ਲਾਲ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਤਸ਼ਦਦ ਕਾਰਨ ਨਰਿੰਦਰਦੀਪ ਸਿੰਘ ਦੀ ਮੌਤ ਹੋਈ ਸੀ, ਅਤੇ ਇਸ ਲਈ ਸੀ.ਆਈ.ਏ ਸਟਾਫ਼ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸੰਗਠਨ ਨੇ ਮੈਡੀਕਲ ਬੋਰਡ ਦੀ ਅੰਤਿਮ ਰਾਏ (ਜਿਸ ਵਿਚ ਮੌਤ ਦਾ ਕਾਰਨ ਓਪੀਏਟਸ ਅਤੇ ਬੈਂਜੋਡਾਇਜ਼ੇਪੀਨਜ਼ ਦੀ ਜ਼ਹਿਰੀਲੇਪਣ ਨੂੰ ਦੱਸਿਆ ਗਿਆ ਹੈ) 'ਤੇ ਭਰੋਸਾ ਨਾ ਕਰਨ ਦੀ ਸਿਫਾਰਸ਼ ਕੀਤੀ ਹੈ, ਕਿਉਂਕਿ ਇਹ ਚਸ਼ਮਦੀਦ ਦੇ ਬਿਆਨਾਂ ਅਤੇ ਸੱਟਾਂ ਦੇ ਸਬੂਤ ਦੇ ਉਲਟ ਹੈ। ਉਨ੍ਹਾਂ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਉਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਨਰਿੰਦਰਦੀਪ ਸਿੰਘ ਨੂੰ ਸੀਆਈਏ ਸਟਾਫ਼-II ਬਠਿੰਡਾ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲਿਆ ਸੀ ਅਤੇ ਬਠਿੰਡਾ ਆਈ.ਆਈ.ਟੀ ਕੰਪਲੈਕਸ ਵਿਚ ਇੱਕ ਗੁਪਤ 'ਤਸ਼ੱਦਦ ਸੈੱਲ' ਵਿਚ ਬੁਰੀ ਤਰ੍ਹਾਂ ਤਸੀਹੇ ਦਿੱਤੇ, ਜਿਸ ਨਾਲ ਉਸਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿਚ ਮ੍ਰਿਤਕ ਦੇ ਸਰੀਰ 'ਤੇ 16 ਜ਼ਖ਼ਮਾਂ (ਕੰਟਿਊਸ਼ਨ) ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਇੱਕ ਜ਼ਖ਼ਮ ਜਣਨ ਅੰਗਾਂ 'ਤੇ ਵੀ ਹੈ।
ਸੰਗਠਨ ਦੇ ਆਗੂਆਂ ਦਾ ਦਾਅਵਾ ਹੈ ਕਿ ਇਹ ਸੱਟਾਂ ਕਿਸੇ ਹਾਦਸੇ ਕਾਰਨ ਨਹੀਂ, ਸਗੋਂ ਪੁਲਿਸ ਤਸ਼ੱਦਦ, ਸੰਭਾਵਤ ਤੌਰ 'ਤੇ ਬਿਜਲੀ ਦੇ ਝਟਕਿਆਂ ਕਾਰਨ ਲੱਗੀਆਂ ਹਨ। ਮਨੁੱਖੀ ਅਧਿਕਾਰਾਂ ਦੇ ਆਗੂਆਂ ਨੇ ਪੁਲਿਸ ਦੀ ਕਹਾਣੀ 'ਤੇ ਸਵਾਲ ਚੁੱਕਦਿਆਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਕਾਰ ਹਾਦਸੇ ਵਿਚ ਹੋਈ ਮੌਤ ਦੱਸਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਰ ਦੇ ਨਿਰੀਖਣ ਅਤੇ ਚਸ਼ਮਦੀਦ ਦੇ ਬਿਆਨ ਇਸ ਕਹਾਣੀ ਨੂੰ ਝੂਠਾ ਸਾਬਤ ਕਰਦੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਨੇ ਕੇਸ ਦਰਜ਼ ਕਰ ਲਿਆ ਹੈ , ਪਰ ਅਜੇ ਤੱਕ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।