Punjab News : ਹਫ਼ਤਾ ਭਰ ਚੋਣ ਡਿਊਟੀਆਂ ਦੇ ਰੁਝੇਵੇਂ ਉਪਰੰਤ ਵਿਦਿਆਰਥੀਆਂ ਦਾ ਮੁਲਾਂਕਣ ਬੇਵਕਤਾ : ਡੀਟੀਐੱਫ
ਸਿੱਖਿਆ ਵਿਭਾਗ ਪੰਜਾਬ ਵੱਲੋਂ ਬਿਨਾਂ ਕਿਸੇ ਯੋਜਨਾਬੰਦੀ ਦੇ ਸੁੱਤੇ ਸਿੱਧ ਹੀ ਹਰ ਰੋਜ਼ ਹੀ ਕੋਈ ਨਾ ਕੋਈ ਨਵਾਂ ਹੁਕਮ ਜਾਰੀ ਕੀਤਾ ਜਾਂਦਾ ਹੈ, ਇਸੇ ਲੜੀ ਵਿੱਚ ਹੁਣ 15 ਦਸੰਬਰ ਤੋਂ 19 ਦਸੰਬਰ ਤੱਕ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
Publish Date: Fri, 12 Dec 2025 07:04 PM (IST)
Updated Date: Fri, 12 Dec 2025 07:09 PM (IST)
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਵੱਲੋਂ ਬਿਨਾਂ ਕਿਸੇ ਯੋਜਨਾਬੰਦੀ ਦੇ ਸੁੱਤੇ ਸਿੱਧ ਹੀ ਹਰ ਰੋਜ਼ ਹੀ ਕੋਈ ਨਾ ਕੋਈ ਨਵਾਂ ਹੁਕਮ ਜਾਰੀ ਕੀਤਾ ਜਾਂਦਾ ਹੈ, ਇਸੇ ਲੜੀ ਵਿੱਚ ਹੁਣ 15 ਦਸੰਬਰ ਤੋਂ 19 ਦਸੰਬਰ ਤੱਕ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਸਿੱਖਿਆ ਵਿਭਾਗ ਪੰਜਾਬ ਪਾਸੋਂ ਪ੍ਰਾਇਮਰੀ ਜਮਾਤਾਂ ਦੇ ਇਹਨਾਂ ਮੁਲਾਂਕਣ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਦੱਸਿਆ ਕਿ ਪੰਜਾਬ ਭਰ ਦੇ ਬਹੁ-ਗਿਣਤੀ ਅਧਿਆਪਕ 13 ਅਤੇ 14 ਦਸੰਬਰ ਨੂੰ ਇਲੈਕਸ਼ਨ ਡਿਊਟੀ ਦੇ ਰਹੇ ਹੋਣਗੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 15 ਦਸੰਬਰ ਉਹਨਾਂ ਅਧਿਆਪਕਾਂ ਲਈ ਰੈਸਟ ਡੇ ਹੋਵੇਗਾ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਪੰਜਾਬ ਪ੍ਰਾਇਮਰੀ ਅਥਲੈਟਿਕਸ ਖੇਡਾਂ 18 ਅਤੇ 19 ਦਸੰਬਰ ਨੂੰ ਲੁਧਿਆਣਾ ਵਿਖੇ ਕਰਵਾ ਰਿਹਾ ਹੈ ਜਿਸ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਾਮਿਲ ਹੋਣਾ ਹੈ। ਪਿਛਲਾ ਪੂਰਾ ਹਫਤਾ ਚੋਣ ਡਿਊਟੀਆਂ ਕਾਰਨ ਅਧਿਆਪਕਾਂ ਦਾ ਵਿਦਿਆਰਥੀਆਂ ਨਾਲ ਕੋਈ ਰਾਬਤਾ ਨਹੀਂ ਰਿਹਾ ਹੈ ਅਤੇ ਅਗਲੇ ਹਫਤੇ ਵਿੱਚ ਸਿਰਫ 16 ਅਤੇ 17 ਦਸੰਬਰ ਨੂੰ ਹੀ ਪੂਰੇ ਅਧਿਆਪਕ ਅਤੇ ਵਿਦਿਆਰਥੀ ਸਕੂਲਾਂ ਵਿੱਚ ਹੋਣਗੇ। ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਦਾ ਇਹ ਫੈਸਲਾ ਬਿਲਕੁਲ ਬੇਵਕਤਾ ਅਤੇ ਯੋਜਨਾ ਬੰਦੀ ਦੀ ਘਾਟ ਦਾ ਹੀ ਨਮੂਨਾ ਹੈ।
ਡੀ ਟੀ ਐੱਫ ਦੇ ਸੂਬਾਈ ਮੀਤ ਪ੍ਰਧਾਨ ਜਗਪਾਲ ਬੰਗੀ, ਰਜੀਵ ਬਰਨਾਲਾ ਬੇਅੰਤ ਫੂਲੇਵਾਲ, ਗੁਰਪਿਆਰ ਕੋਟਲੀ, ਹਰਜਿੰਦਰ ਗੁਰਦਾਸਪੁਰ ਅਤੇ ਰਘਵੀਰ ਭਵਾਨੀਗੜ੍ਹ, ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰਾਂ ਤਜਿੰਦਰ ਕਪੂਰਥਲਾ, ਅਮੋਲਕ ਡੇਲੂਆਣਾ, ਗਿਆਨ ਚੰਦ, ਰਮਨਜੀਤ ਸੰਧੂ, ਜੋਸ਼ੀਲ ਤਿਵਾੜੀ , ਹਰਜਿੰਦਰ ਸੇਮਾ, ਸਰਬਜੀਤ ਭਾਵੜਾ ਅਤੇ ਜਸਵੀਰ ਭੰਮਾ ਨੇ ਮੰਗ ਕੀਤੀ ਪ੍ਰਾਇਮਰੀ ਜਮਾਤਾਂ ਦਾ ਮੁਲਾਂਕਣ ਸਿਰਫ ਉਦੋਂ ਹੀ ਕਰਾਇਆ ਜਾਵੇ ਜਦੋਂ ਪੂਰੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਹੋਣ ਅਤੇ ਘੱਟੋ ਘੱਟ ਪਿਛਲੇ ਹਫਤੇ ਵਿੱਚ ਵਿਦਿਆਰਥੀ ਅਤੇ ਅਧਿਆਪਕ ਸਿੱਖਣ- ਸਿਖਾਉਣ ਪ੍ਰਕਿਰਿਆ ਵਿੱਚ ਲੱਗੇ ਰਹੇ ਹੋਣ।