ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਨੂੰ ਸੈਕਟਰਾਂ ਵਿਚ ਵੰਡ ਦੇਣਾ ਚਾਹੀਦਾ ਹੈ ਤੇ ਹਰੇਕ ਸੈਕਟਰ ਦੀ ਨਿਗਰਾਨੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 300 ਮੋਬਾਈਲ ਪਖਾਨੇ ਸਥਾਪਤ ਕੀਤੇ ਜਾਣ ਤੇ ਅਹਿਮ ਥਾਵਾਂ ’ਤੇ ਐਂਬੂਲੈਂਸਾਂ ਤੇ ਅੱਗ ਬੁਝਾਊ ਗੱਡੀਆਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਜ਼ਰੂਰਤ ਪੈਣ ’ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਨੂੰ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਹੈ।
ਇੱਥੇ ਸ਼ਹੀਦੀ ਸਭਾ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਮੱਥਾ ਟੇਕਣ ਲਈ ਲਗਪਗ 50 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਧਰਤੀ ’ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਨੇ ਮਾਤਾ ਗੁਜਰੀ ਜੀ ਨਾਲ ਲਾਸਾਨੀ ਸ਼ਹਾਦਤ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਸੰਗਤ ਲਈ ਕੀਤੇ ਜਾ ਰਹੇ ਪ੍ਰਬੰਧਾਂ ਵਿੱਚ ਸੁਰੱਖਿਆ ਵਿਵਸਥਾ ਅਤੇ ਪਵਿੱਤਰ ਸ਼ਹਿਰ ਦੀ ਸਫਾਈ ਲਈ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸੀਐੱਮ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੜਕਾਂ ਦੀ ਮੁਰੰਮਤ ਲਈ ਪਹਿਲਾਂ ਹੀ ਫੰਡ ਅਲਾਟ ਕਰ ਦਿੱਤੇ ਹਨ ਅਤੇ ਨਿਰਧਾਰਤ ਸਮੇਂ ਵਿਚ ਕੰਮ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਨੂੰ ਸੈਕਟਰਾਂ ਵਿਚ ਵੰਡ ਦੇਣਾ ਚਾਹੀਦਾ ਹੈ ਤੇ ਹਰੇਕ ਸੈਕਟਰ ਦੀ ਨਿਗਰਾਨੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 300 ਮੋਬਾਈਲ ਪਖਾਨੇ ਸਥਾਪਤ ਕੀਤੇ ਜਾਣ ਤੇ ਅਹਿਮ ਥਾਵਾਂ ’ਤੇ ਐਂਬੂਲੈਂਸਾਂ ਤੇ ਅੱਗ ਬੁਝਾਊ ਗੱਡੀਆਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਜ਼ਰੂਰਤ ਪੈਣ ’ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿਚ ਆ ਰਹੇ ਸ਼ਰਧਾਲੂਆਂ ਲਈ 200 ਈ-ਰਿਕਸ਼ੇ ਅਤੇ 200 ਸ਼ਟਲ ਬੱਸਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਮੁਫਤ ਸਫ਼ਰ ਦੀ ਸਹੂਲਤ ਮੁਹੱਈਆ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਫਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੰਗਤ ਦੇ ਸਹਿਯੋਗ ਲਈ ਪਾਰਟੀ ਤੇ ਸਿਵਲ ਸੁਸਾਇਟੀ ਦੇ ਵਲੰਟੀਅਰਾਂ ਨੂੰ ਸੇਵਾ ’ਤੇ ਲਗਾਇਆ ਜਾਣਾ ਚਾਹੀਦਾ ਹੈ। ਸ਼ਹਿਰ ਦੇ ਸਾਰੇ ਕੋਨਿਆਂ ਵਿਚ 300 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾਣ। ਇਸੇ ਤਰ੍ਹਾਂ 20 ਆਮ ਆਦਮੀ ਕਲੀਨਿਕ (ਏ.ਏ.ਸੀ.) ਸਥਾਪਤ ਕੀਤੇ ਜਾਣ।
ਮੁੱਖ ਮੰਤਰੀ ਨੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੇ ਆਲੇ-ਦੁਆਲੇ ਲੋੜੀਂਦੀ ਗਿਣਤੀ ਵਿਚ ਪਾਰਕਿੰਗ ਸਥਾਨ ਯਕੀਨੀ ਬਣਾਉਣ। ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਨਿੱਕੀ ਉਮਰ ਵਿਚ ਮਹਾਨ ਸ਼ਹਾਦਤ ਦਿੱਤੀ ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਇਤਿਹਾਸ ਵਿਚ ਨਹੀਂ ਮਿਲਦੀ। ਪਵਿੱਤਰ ਸਥਾਨ ’ਤੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸਰਕਾਰ ਵਚਨਬੱਧ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਦੌਰਾਨ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਲੋੜੀਂਦੀ ਗਿਣਤੀ ਵਿਚ ਸਫਾਈ ਮਸ਼ੀਨਾਂ, ਸੀਵਰੇਜ ਸਫਾਈ ਮਸ਼ੀਨਾਂ, ਸੁਪਰ ਸਕਸ਼ਨ ਮਸ਼ੀਨਾਂ ਦੇ ਨਾਲ ਨਾਲ ਲੋੜੀਂਦੀ ਗਿਣਤੀ ਵਿਚ ਕਾਮਿਆਂ ਨੂੰ ਤਾਇਨਾਤ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਧਰਤੀ ਨਾ-ਸਿਰਫ਼ ਸਿੱਖਾਂ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ ਕਿਉਂਕਿ ਦੁਨੀਆਂ ਭਰ ਤੋਂ ਸੰਗਤਾਂ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਮੱਥਾ ਟੇਕਣ ਪੁੱਜਦੀਆਂ ਹਨ। ਮਾਨ ਨੇ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਨਿਗਰਾਨੀ ਕਰਨਗੇ ਤਾਂ ਜੋ ਇਸ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾ ਸਕੇ।