76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਵੱਡੀ ਰਾਹਤ
76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਵੱਡੀ ਰਾਹਤ,
Publish Date: Tue, 30 Dec 2025 08:24 PM (IST)
Updated Date: Tue, 30 Dec 2025 08:26 PM (IST)

ਲੋਕਾਂ ਦੀ ਚੁਣੀ ਹੋਈ ਸਰਕਾਰ ਨੇ ਹੀ ਕੀਤਾ ਲੋਕਾਂ ਦਾ 15 ਸਾਲ ਪੁਰਾਣਾ ਮਸਲਾ ਹੱਲ : ਕੁਲਵੰਤ ਸਿੰਘ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਸੈਕਟਰ-79, ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਿਟ ਦੀ ਬੈਠਕ ਨੇ ਮੁਹਾਲੀ ਵਿਚਲੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲਗਭਗ 200 ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ। ਜਿਸ ਲਈ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ 76 ਤੋਂ 80 ਸੈਕਟਰ ਦੇ ਪਲਾਟ ਹੋਲਡਰਾਂ ਨੂੰ ਪਾਈ ਵਾਧੂ ਰਕਮ ਸਰਕਾਰ ਵੱਲੋਂ 3164 ਰੁਪਏ ਨੂੰ ਘੱਟ ਕਾਰਨ ਸਬੰਧੀ ਪ੍ਰਸਤਾਵ ਗਮਾਡਾ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਸੀ, ਜਦਕਿ ਗਮਾਡਾ ਵੱਲੋਂ ਸਬੰਧਤ ਪਲਾਟ ਹੋਲਡਰਾਂ ਨੂੰ 3164 ਰੁਪਏ ਤੋਂ ਘਟਾ ਕੇ 2325 ਰੁਪਏ ਕਰਨ ਦੇ ਬਾਰੇ ਵਿਚ ਪ੍ਰਸਤਾਵ ਭੇਜਿਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੈਬਨਿਟ ਦੀ ਬੈਠਕ ਤੋਂ ਬਾਅਦ ਉਨ੍ਹਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਇਨਹਾਂਸਮੈਂਟ ਦੀ ਰਕਮ ਨੂੰ ਹੋਰ ਘਟਾਇਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਆਪਣੇ ਪੱਧਰ ’ਤੇ ਇਸ ਦੀ ਜ਼ਿੰਮੇਵਾਰੀ ਲੈਂਦੇ 3164 ਦੀ ਥਾਂ 2216 ਰੁਪਏ ਫਾਈਨਲ ਕਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ 76-80 ਦੇ ਵਸਨੀਕਾਂ ਨੂੰ ਗਮਾਡਾ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਕੇ ਇਨਹਾਂਸਮੈਂਟ ਦੀ ਰਕਮ 839 ਰੁਪਏ ਘਟਾਈ ਜਾਵੇ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਲਏ ਗਏ ਫ਼ੈਸਲੇ ਦੇ ਮੁਤਾਬਕ ਹੁਣ ਇਹ ਰਕਮ 948 ਘੱਟ ਦੇਣੀ ਪਵੇਗੀ, ਜਿਸ ਦੇ ਨਾਲ ਲਗਭਗ 20 ਕਰੋੜ ਰੁਪਏ ਦਾ ਹੋਰ ਫਾਇਦਾ ਹੋਇਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇਨਹਾਂਸਮੈਂਟ ਹੋਈ ਰਕਮ ਘਟੀ ਹੋਵੇ। ਉਨ੍ਹਾਂ ਕਿਹਾ ਕਿ ਮੈਂ ਮੁਹਾਲੀ ਦੇ ਲੋਕਾਂ ਨਾਲ ਇਸ ਮਸਲੇ ਸਬੰਧੀ ਵਾਅਦਾ ਕੀਤਾ ਸੀ, ਹਾਲਾਂਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਇਸ ਮਸਲੇ ਵਿਚ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਅਤੇ ਝੂਠੀ ਬਿਆਨਬਾਜ਼ੀ ਵੀ ਹੁੰਦੀ ਰਹੀ, ਪ੍ਰੰਤੂ ਮੈਂ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਿਹਾ ਸੀ ਕਿ ਜੇਕਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਅਦਾਲਤ ਜਾਣਾ ਪਿਆ ਤਾਂ ਅਦਾਲਤੀ ਚਾਰਜੋਈ ਵਿਚ ਉਹ ਵੀ 76-80 ਦੇ ਵਸਨੀਕਾਂ ਨਾਲ ਹਾਜ਼ਰ ਖੜ੍ਹੇ ਮਿਲਣਗੇ, ਪ੍ਰੰਤੂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੇ ਹੀ ਲੋਕਾਂ ਦਾ 15 ਸਾਲ ਪੁਰਾਣਾ ਮਸਲਾ ਹੱਲ ਕਰ ਦਿੱਤਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਜਿਹੜਾ ਵੀ ਮਸਲਾ ਮੁਹਾਲੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਲਿਆਂਦਾ ਹੈ, ਉਸਦਾ ਉਨ੍ਹਾਂ ਤੁਰੰਤ ਹੱਲ ਕੀਤਾ ਹੈ ਅਤੇ ਬੇਸ਼ੱਕ ਕੈਬਨਿਟ ਦੀ ਬੈਠਕ ਵੱਲੋਂ ਇਸ ਮਾਮਲੇ ਸਬੰਧੀ ਫ਼ੈਸਲਾ ਸੁਣਾ ਦਿੱਤਾ ਗਿਆ ਸੀ ਪ੍ਰੰਤੂ ਉਸ ਤੋਂ ਬਾਅਦ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਇਸ ਮਸਲੇ ਦੇ ਵਿਚ 76 ਤੋਂ 80 ਸੈਕਟਰ ਦੇ ਵਸਨੀਕਾਂ ਨੂੰ ਹੋਰ ਫਾਇਦਾ ਪਹੁੰਚਾਇਆ। ਇਸ ਮੌਕੇ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਰਾਜੀਵ ਵਿਸ਼ਿਸ਼ਟ, ਸੁਖਦੇਵ ਸਿੰਘ ਪਟਵਾਰੀ, ਸੁਖਚੈਨ ਸਿੰਘ ਸੈਕਟਰ 80, ਬਲਵੀਰ ਮਸੀਹ, ਮੇਜਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਕੰਗ ,ਚਰਨਜੀਤ ਕੌਰ, ਹਰਪਾਲ ਸਿੰਘ ਚੰਨਾ, ਜਸਪਾਲ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ ਵੀ ਹਾਜ਼ਰ ਸਨ।