ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਮੁੱਖ ਮੰਤਰੀ ਪੰਜਾਬ ਨੇ ਡੇਰਾਬੱਸੀ ਹਲਕੇ ਲਈ ਐਲਾਨੇ ਇਕ ਕਰੋੜ ਦੇ ਵਿਕਾਸ ਕਾਰਜ ਰਾਸ਼ੀ
Publish Date: Thu, 20 Nov 2025 09:00 PM (IST)
Updated Date: Fri, 21 Nov 2025 04:14 AM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਅੰਗ ਵਜੋਂ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਖੇ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਡੇਰਾਬੱਸੀ ਹਲਕੇ ਦੇ ਇਤਿਹਾਸਕ ਪਿੰਡ ਨਾਭਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਹਨ ਤੇ ਉਨ੍ਹਾਂ ਦੀ ਮਿੱਠੀ ਯਾਦ ’ਚ ਪਿੰਡ ਰਾਜੋਮਾਜਰਾ ਨੂੰ ਵਿਕਾਸ ਕਾਰਜਾਂ ਲਈ ਇਕ ਕਰੋੜ ਰੁਪਏ (50–50 ਲੱਖ) ਦੀ ਵਿਸ਼ੇਸ਼ ਗਰਾਂਟ ਦੇ ਚੈੱਕ ਵੰਡੇ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23, 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਦਵਾਨਾਂ ਤੇ ਮਹਾਪੁਰਸ਼ਾਂ ਦੀ ਅਗਵਾਈ ’ਚ ਇਹ ਪਵਿੱਤਰ ਸੇਵਾ ਨਿਮਾਣੇ ਸੇਵਾਦਾਰਾਂ ਵਜੋਂ ਕੀਤੀ ਜਾਵੇਗੀ। ਵਿਧਾਇਕ ਰੰਧਾਵਾ ਨੇ ਦੱਸਿਆ ਕਿ 24 ਨਵੰਬਰ ਨੂੰ ਪਹਿਲੀ ਵਾਰ ਇਤਿਹਾਸ ’ਚ ਵਿਧਾਨ ਸਭਾ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਸ੍ਰੀ ਅਨੰਦਪੁਰ ਸਾਹਿਬ ’ਚ ਗੁਰੂ ਸਾਹਿਬ ਦੀ ਹਜ਼ੂਰੀ ’ਚ ਲੱਗੇਗੀ, ਜਿੱਥੇ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ। ਉਨ੍ਹਾਂ ਵਿਰੋਧੀਆਂ ’ਤੇ ਧਰਮ ਦਾ ਸਿਆਸੀ ਫਾਇਦਾ ਚੁੱਕਣ ਦੇ ਦੋਸ਼ ਲਾਉਂਦੇ ਕਿਹਾ ਕਿ ਅਸੀਂ ਸੱਚੇ ਭਾਵ ਨਾਲ ਸੇਵਾ ਕਰਦੇ ਹਾਂ। ਵਿਧਾਇਕ ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਦੀ ਸੇਵਾ ਕਰਨਾ ਵੱਡੀ ਕਿਸਮਤ ਦੀ ਗੱਲ ਹੈ ਤੇ ਇਹ ਕੰਮ ਸਾਡੇ ਹਿੱਸੇ ਆਇਆ ਹੈ। ਇਸ ਮੌਕੇ ਵਿਧਾਇਕ ਰੰਧਾਵਾ ਨਾਲ ਨਾਭਾ ਸਾਹਿਬ ਤੋਂ ਵਾਰਡ ਦੇ ਐੱਮਸੀ ਨਵਜੋਤ ਸਿੰਘ ਤੇ ਪਿੰਡ ਰਾਜੋਮਾਜਰਾ ਦੇ ਸਰਪੰਚ ਬਲਜੀਤ ਸਿੰਘ ਹਾਜ਼ਰ ਰਹੇ।