ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ 1960 ਦੇ ਦਹਾਕੇ ਦੌਰਾਨ ਪਿਯਰੇ ਜੇਨਰੇ ਦੁਆਰਾ ਡਿਜ਼ਾਈਨ ਕੀਤੇ ਫਰਨੀਚਰ ਵਿਦੇਸ਼ ਵਿਚ ਵਿਕੇ ਹੋਣ। ਇਸ ਤੋਂ ਪਹਿਲਾਂ ਅਮਰੀਕਾ, ਫਰਾਂਸ, ਇਟਲੀ, ਲਗਜ਼ਮਬਰਗ, ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿਚ ਇਤਿਹਾਸਕ ਫਰਨੀਚਰ ਭਾਰੀ ਕੀਮਤਾਂ 'ਤੇ ਵਿਕੇ ਹਨ। ਪਰ ਹੁਣ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਪਹੁੰਚ ਚੁੱਕਾ ਹੈ।

ਬਲਵਾਨ ਕਰਿਵਾਲ, ਜਾਗਰਣ , ਚੰਡੀਗੜ੍ਹ: ਸ਼ਹਿਰ ਦੇ ਢਾਂਚਾ ਤਿਆਰ ਕਰਨ ਵਾਲੇ ਲੀ ਕਾਰਬੂਜ਼ੀਏ ਦੇ ਚਚੇਰੇ ਭਰਾ ਪਿਯਰੇ ਜੇਨਰੇ ਦੇ ਡਿਜ਼ਾਈਨ ਕੀਤੇ ਗਏ ਫਰਨੀਚਰ ਇਕ ਵਾਰ ਫਿਰ ਵਿਦੇਸ਼ ਵਿਚ ਨੀਲਾਮ ਹੋਏ ਹਨ। ਇਸ ਵਾਰ ਡੇ-ਬੈੱਡ, ਰੈਕ ਅਤੇ ਆਰਮ ਚੇਅਰ ਵਰਗੇ ਆਈਟਮ ਇੰਗਲੈਂਡ ਵਿਚ 21 ਲੱਖ ਰੁਪਏ ਵਿਚ ਵਿਕੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ 1960 ਦੇ ਦਹਾਕੇ ਦੌਰਾਨ ਪਿਯਰੇ ਜੇਨਰੇ ਦੁਆਰਾ ਡਿਜ਼ਾਈਨ ਕੀਤੇ ਫਰਨੀਚਰ ਵਿਦੇਸ਼ ਵਿਚ ਵਿਕੇ ਹੋਣ। ਇਸ ਤੋਂ ਪਹਿਲਾਂ ਅਮਰੀਕਾ, ਫਰਾਂਸ, ਇਟਲੀ, ਲਗਜ਼ਮਬਰਗ, ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿਚ ਇਤਿਹਾਸਕ ਫਰਨੀਚਰ ਭਾਰੀ ਕੀਮਤਾਂ 'ਤੇ ਵਿਕੇ ਹਨ। ਪਰ ਹੁਣ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਪਹੁੰਚ ਚੁੱਕਾ ਹੈ।
ਸੈਕਟਰ-21 ਦੇ ਨਿਵਾਸੀ ਅਤੇ ਵਕੀਲ ਅਜੈ ਜੱਗਾ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ ਜੇਸ਼ੰਕਰ ਅਤੇ ਕੇਂਦਰੀ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੀ ਮੰਗ ਕੀਤੀ ਹੈ।
ਜੱਗਾ ਨੇ ਕਿਹਾ ਕਿ 21 ਅਪ੍ਰੈਲ ਨੂੰ ਯੂਨਾਈਟਡ ਕਿੰਗਡਮ ਦੇ ਸਟੈਂਸਟੇਡ ਮਾਊਂਟਫਿਚੇਟ ਸਥਿਤ ਸਵਾਡਰਸ ਦੁਆਰਾ ਚੰਡੀਗੜ੍ਹ ਨਾਲ ਜੁੜੇ ਵਿਰਾਸਤੀ ਫਰਨੀਚਰ ਦੀ ਮੁੜ ਨੀਲਾਮੀ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਲਗਾਤਾਰ ਵਿਦੇਸ਼ ਵਿਚ ਵਿਖਰਾਵ ਹੈ ਅਤੇ ਇਸ 'ਤੇ ਹੁਣ ਤੱਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਕਾਰਵਾਈ ਨਹੀਂ ਹੋਈ ਹੈ। ਪੱਤਰ ਮੁਤਾਬਕ ਨੀਲਾਮ ਹੋਈਆਂ ਵਸਤਾਂ ਵਿਚ ਪਿਯਰੇ ਜੇਨਰੇ ਦਾ ਡਿਜ਼ਾਈਨ ਕੀਤਾ ਗਿਆ ਡੇ-ਬੈੱਡ, ਪਿਜ਼ਨਹੋਲ ਡੈਸਕ, ਫਾਈਲ ਰੈਕ ਅਤੇ ਪੰਜਾਬੀ ਲਿਪੀ ਨਾਲ ਉੱਕਰੀਆਂ ਚਾਰ ਕੁਰਸੀਆਂ ਦਾ ਸੈੱਟ ਸ਼ਾਮਲ ਸੀ। ਇਨ੍ਹਾਂ ਵਸਤਾਂ ਦੀ ਕੁੱਲ ਨੀਲਾਮੀ ਰਕਮ ਲਗਪਗ 20,800 ਪੌਂਡ ਯਾਨੀ ਕਰੀਬ 21.84 ਲੱਖ ਰੁਪਏ ਦੱਸੀ ਗਈ ਹੈ।
ਫਰਨੀਚਰ 'ਤੇ ਮੂਲ ਨਿਸ਼ਾਨਾਂ ਨਾਲ ਹੋ ਰਹੀ ਚੰਡੀਗੜ੍ਹ ਦੀ ਪਛਾਣ
ਅਜੈ ਜੱਗਾ ਨੇ ਕਿਹਾ ਕਿ ਇਹ ਫਰਨੀਚਰ ਮੂਲ ਰੂਪ ਵਿਚ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਅਤੇ ਸਰਕਾਰੀ ਸੰਸਥਾਵਾਂ ਲਈ ਤਿਆਰ ਕੀਤੇ ਗਏ ਸੀ, ਇਸ ਲਈ ਇਹ ਸਿਰਫ ਫਰਨੀਚਰ ਨਹੀਂ, ਬਲਕਿ ਭਾਰਤ ਦੀ ਜਨਤਕ ਅਤੇ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ। ਉਨ੍ਹਾਂ ਨੇ ਚਿੰਤਾ ਜਤਾਈ ਕਿ ਵਿਦੇਸ਼ ਵਿਚ ਸਥਿਤ ਨੀਲਾਮੀ ਘਰ ਹੁਣ ਇਨ੍ਹਾਂ ਵਸਤਾਂ 'ਤੇ ਮੌਜੂਦ ਪੰਜਾਬ ਅਤੇ ਚੰਡੀਗੜ੍ਹ ਨਾਲ ਜੁੜੇ ਮੂਲ ਨਿਸ਼ਾਨਾਂ ਨੂੰ ਵੀ ਖੁੱਲ੍ਹੇ ਤੌਰ 'ਤੇ ਪ੍ਰਦਰਸ਼ਿਤ ਕਰ ਰਹੇ ਹਨ, ਜਿਸ ਨਾਲ ਭਾਰਤ ਦਾ ਦਾਅਵਾ ਹੋਰ ਮਜ਼ਬੂਤ ਹੁੰਦਾ ਹੈ, ਫਿਰ ਵੀ ਕੋਈ ਠੋਸ ਵਿਰੋਧ ਜਾਂ ਵਾਪਸੀ ਪ੍ਰਕਿਰਿਆ ਦਿਖਾਈ ਨਹੀਂ ਦੇ ਰਹੀ।
ਵਿਦੇਸ਼ ’ਚ ਕਿਵੇਂ ਪਹੁੰਚ ਰਿਹਾ ਫਰਨੀਚਰ, ਜਾਂਚ ਦੀ ਮੰਗ
ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ ਵਿਚ ਸਥਿਤ ਸਾਰੇ ਭਾਰਤੀ ਦੂਤਾਵਾਸਾਂ ਅਤੇ ਉੱਚ ਆਯੋਗਾਂ ਨੂੰ ਅਜਿਹੇ ਮਾਮਲਿਆਂ ਦੇ ਪ੍ਰਤੀ ਤੁਰੰਤ ਸੰਵੇਦਨਸ਼ੀਲ ਬਣਾਇਆ ਜਾਵੇ। ਨਾਲ ਹੀ ਇਕ ਆਧਿਕਾਰਿਕ ਐੱਸਓਪੀ ਜਾਰੀ ਕਰ ਕੇ ਅੰਤਰਰਾਸ਼ਟਰੀ ਨੀਲਾਮੀ ਘਰਾਂ ਦੀ ਨਿਗਰਾਨੀ, ਭਾਰਤੀ ਵਿਰਾਸਤ ਵਸਤਾਂ ਦੀ ਪਛਾਣ ਅਤੇ ਸਮੇਂ 'ਤੇ ਕਾਨੂੰਨੀ ਜਾਂ ਕੂਟਨੀਤਿਕ ਦਖਲ ਯਕੀਨੀ ਬਣਾਇਆ ਜਾਵੇ।
ਕੌਣ ਸਨ ਪਿਯਰੇ ਜੇਨਰੇ
ਆਰਕੀਟੈਕਟ ਪਿਯਰੇ ਜੇਨਰੇ ਚੰਡੀਗੜ੍ਹ ਦੀ ਡਿਜ਼ਾਈਨ ਕਰਨ ਵਾਲੇ ਲੀ ਕਾਰਬੂਜ਼ੀਏ ਦੇ ਚਚੇਰੇ ਭਰਾ ਸਨ। ਕਾਰਬੂਜ਼ੀਏ ਨੇ ਸ਼ਹਿਰ ਦਾ ਖਾਕਾ ਤਿਆਰ ਕੀਤਾ, ਤਾਂ ਉਸ ਵਿਚ ਜਾਨ ਜੇਨਰੇ ਨੇ ਭਰ ਦਿੱਤੀ। ਜੇਨਰੇ ਨੇ ਚੰਡੀਗੜ੍ਹ ਵਿਚ ਘਰ, ਸਕੂਲ, ਕਾਲਜ, ਯੂਨੀਵਰਸਿਟੀ ਵਰਗੇ ਸੰਸਥਾਨਾਂ ਦੀ ਡਿਜ਼ਾਈਨ ਕੀਤੇ। ਇਨ੍ਹਾਂ ਸੰਸਥਾਨਾਂ ਲਈ ਫਰਨੀਚਰ ਤੱਕ ਉਨ੍ਹਾਂ ਨੇ ਹੀ ਡਿਜ਼ਾਈਨ ਕੀਤਾ। ਉਨ੍ਹਾਂ ਨੂੰ ਸ਼ਹਿਰ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਦੀ ਇੱਛਾ ਮੁਤਾਬਕ ਅਸਥੀਆਂ ਵੀ ਉਨ੍ਹਾਂ ਦੀ ਸੁਖਨਾ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ ਸਨ। ਉਨ੍ਹਾਂ ਦੇ ਸੈਕਟਰ-5 ਦੇ ਘਰ ਨੂੰ ਹੁਣ ਜੇਨਰੇ ਮਿਊਜ਼ੀਅਮ ਬਣਾਇਆ ਗਿਆ ਹੈ।
ਨੀਲਾਮ ਹੋਈਆਂ ਵਸਤਾਂ ਦਾ ਵੇਰਵਾ
- ਡੇ-ਬੈੱਡ: 1960 - 4,200 ਪੌਂਡ ’ਚ ਨੀਲਾਮ
- ਪਿਜ਼ਨਹੋਲ ਡੈਸਕ: 1957 - 7,500 ਪੌਂਡ ਵਿਚ ਨੀਲਾਮ
- ਫਾਈਲ ਰੈਕ: 1955 - 5,500 ਪੌਂਡ ’ਚ ਨੀਲਾਮ
- ਪੰਜਾਬੀ ਲਿਪੀ ਨਾਲ ਉੱਕਰੇ ਚਾਰ ਕੁਰਸੀਆਂ ਦਾ ਸੈੱਟ: 1955-56 - 3,600 ਪੌਂਡ ’ਚ ਨੀਲਾਮ