PRTC ਤੇ ਪਨਬੱਸ ਠੇਕਾ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ, ਟਰਾਂਸਪੋਰਟ ਮੰਤਰੀ ਦੇ ਭਰੋਸੇ ਮਗਰੋਂ ਯੂਨੀਅਨ ਨੇ ਲਿਆ ਫ਼ੈਸਲਾ
ਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਭਰੋਸੇ ਮਗਰੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਹੁਣ 19 ਨਵੰਬਰ ਨੂੰ ਮੰਤਰੀ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨਗੇ।
Publish Date: Mon, 17 Nov 2025 10:25 PM (IST)
Updated Date: Mon, 17 Nov 2025 10:29 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਭਰੋਸੇ ਮਗਰੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਹੁਣ 19 ਨਵੰਬਰ ਨੂੰ ਮੰਤਰੀ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੂਬੇ ਭਰ ’ਚ ਪੰਜਾਬ ਰੋਡਵੇਜ਼, ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਦੁਪਹਿਰ 12 ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਚੱਕਾ ਜਾਮ ਕੀਤਾ ਜਿਸ ਕਾਰਨ ਆਮ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਧਰਨੇ ਕਾਰਨ ਕਈ ਰੂਟ ਪ੍ਰਭਾਵਿਤ ਹੋਏ। ਸਭ ਤੋਂ ਜ਼ਿਆਦਾ ਪਰੇਸ਼ਾਨੀ ਔਰਤਾਂ ਨੂੰ ਹੋਈ। ਉਨ੍ਹਾਂ ਨੂੰ ਸਾਢੇ ਚਾਰ ਘੰਟੇ ਤੱਕ ਚੱਲੇ ਧਰਨੇ ਕਾਰਨ ਮੁਫ਼ਤ ਸਫ਼ਰ ਤੋਂ ਵਾਂਝੇ ਰਹਿਣਾ ਪਿਆ। ਮੁਲਾਜ਼ਮਾਂ ਨੇ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਸੀ, ਪਰ ਚੰਡੀਗੜ੍ਹ ’ਚ ਯੂਨੀਅਨ ਦੇ ਨੁਮਾਇੰਦਿਆਂ ਨੇ ਲਾਲਜੀਤ ਭੁੱਲਰ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਹੜਤਾਲ ਮੁਲਤਵੀ ਕਰ ਦਿੱਤੀ। ਟਰਾਂਸਪੋਰਟ ਵਿਭਾਗ ਨੇ ਟੈਂਡਰ 28 ਨਵੰਬਰ ਤੱਕ ਮੁਲਤਵੀ ਕਰ ਦਿੱਤੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੜਤਾਲ ਕਰਨੀ ਪੈਂਦੀ ਹੈ। ਸਰਕਾਰ ਪਹਿਲਾਂ ਹੀ ਠੇਕੇ ’ਤੇ ਘੱਟ ਤਨਖ਼ਾਹ ਦੇ ਰਹੀ ਹੈ, ਕਿਲੋਮੀਟਰ ਸਕੀਮ ਨੂੰ ਲਾਗੂ ਕਰ ਕੇ ਵਿਭਾਗ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਰਕਾਰ ਨੇ ਜੇਕਰ ਟੈਂਡਰ ਰੱਦ ਨਾ ਕੀਤੇ ਤਾਂ ਯੂਨੀਅਨ ਸੰਘਰਸ਼ ਤੇਜ਼ ਕਰੇਗੀ।