ਪਤੀ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ
ਪਤੀ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ
Publish Date: Wed, 24 Dec 2025 07:25 PM (IST)
Updated Date: Wed, 24 Dec 2025 07:28 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਤੀ ਦੀ ਕਥਿਤ ਤੌਰ ’ਤੇ ਲਗਾਤਾਰ ਤੰਗ-ਪਰੇਸ਼ਾਨੀ ਤੋਂ ਤੰਗ ਆ ਕੇ ਅੱਠ ਮਹੀਨੇ ਦੀ ਗਰਭਵਤੀ ਮਹਿਲਾ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 24 ਸਾਲਾ ਗੁਰਸ਼ਰਨ ਕੌਰ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕਾ ਦੇ ਪਤੀ ਦਲਜੀਤ ਸਿੰਘ ਖ਼ਿਲਾਫ਼ ਆਤਮਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਟੀ ਸਿਟੀ ਪੁਲਿਸ ਸਟੇਸ਼ਨ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਪਿੰਡ ਸੈਸ਼ਨ ਮਾਜਰਾ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਦਲਜੀਤ ਸਿੰਘ ਵੱਲੋਂ ਗੁਰਸ਼ਰਨ ਕੌਰ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ। ਬਲਬੀਰ ਕੌਰ ਨੇ ਦੋਸ਼ ਲਗਾਇਆ ਕਿ ਦਲਜੀਤ ਸਿੰਘ ਉਸਦੀ ਧੀ ਨਾਲ ਮਾਰਕੁੱਟ ਕਰਦਾ ਸੀ ਅਤੇ ਦਹੇਜ ਦੀ ਮੰਗ ਨੂੰ ਲੈ ਕੇ ਵੀ ਉਸਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਕਈ ਵਾਰ ਗੁਰਸ਼ਰਨ ਕੌਰ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਪਰ ਪਰਿਵਾਰ ਵੱਲੋਂ ਉਸਨੂੰ ਘਰ ਵਸਾਉਣ ਦੀ ਸਲਾਹ ਦੇ ਕੇ ਸਮਝਾਇਆ ਜਾਂਦਾ ਰਿਹਾ। ਘਰ ਵਿਚ ਇਕੱਲੀ ਹੋਣ ਸਮੇਂ ਲਗਾਇਆ ਫਾਹਾ ਪੁਲਿਸ ਮੁਤਾਬਕ, ਘਟਨਾ ਵਾਲੇ ਦਿਨ ਦਲਜੀਤ ਸਿੰਘ ਸਵੇਰੇ ਆਪਣੀ ਪਤਨੀ ਨੂੰ ਦਵਾਈ ਲਈ ਡਾਕਟਰ ਕੋਲ ਲੈ ਕੇ ਗਿਆ ਸੀ। ਦੁਪਹਿਰ ਵੇਲੇ ਘਰ ਆਉਣ ਤੋਂ ਬਾਅਦ ਘਰ ਦੇ ਹੋਰ ਮੈਂਬਰ ਆਪਣੀ ਧੀ ਦੇ ਘਰ ਗਏ ਹੋਏ ਸਨ। ਇਸ ਦੌਰਾਨ ਦਲਜੀਤ ਸਿੰਘ ਲੰਗਰ ਵਿਚ ਸੇਵਾ ਕਰਨ ਜਾਣ ਦਾ ਕਹਿ ਕੇ ਘਰ ਤੋਂ ਬਾਹਰ ਚਲਾ ਗਿਆ, ਜਦਕਿ ਗੁਰਸ਼ਰਨ ਕੌਰ ਘਰ ਵਿਚ ਇਕੱਲੀ ਸੀ। ਇਸ ਦੌਰਾਨ ਗੁਰਸ਼ਰਨ ਕੌਰ ਨੇ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸ਼ਾਮ ਨੂੰ ਜਦੋਂ ਦਲਜੀਤ ਸਿੰਘ ਘਰ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਦੀ ਲਾਸ਼ ਕਮਰੇ ਵਿਚ ਲਟਕਦੀ ਹੋਈ ਵੇਖੀ, ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।