ਡੇਰਾ ਬੱਲਾ ਤੋਂ ਮੋਗਾ ਤੱਕ ਦਾ ਸਿਆਸੀ ਸਫ਼ਰ : ਕੀ ਅਮਿਤ ਸ਼ਾਹ ਕਰਨਗੇ ਪੰਜਾਬ ਲਈ ਕੋਈ ਵੱਡਾ ਐਲਾਨ?
ਭਾਜਪਾ ਹੁਣ ਵਿਰੋਧੀ ਪਾਰਟੀਆਂ ਨੂੰ ਹਮਲਾਵਰ ਤਰੀਕੇ ਨਾਲ ਜਵਾਬ ਦੇਣ ਦਾ ਮਨ ਬਣਾ ਚੁੱਕੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਜਿੱਥੇ ਮਨਰੇਗਾ ਯੋਜਨਾ ਦੇ ਖ਼ਤਮ ਕਰਨ ਖ਼ਿਲਾਫ਼ ਰੈਲੀਆਂ ਕਰ ਰਹੀ ਹੈ, ਭਾਜਪਾ ਲਗਾਤਾਰ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੈ।
Publish Date: Sat, 31 Jan 2026 10:17 AM (IST)
Updated Date: Sat, 31 Jan 2026 10:23 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਹੁਣ ਚੋਣ ਮੋਡ ’ਚ ਆ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਜਲੰਧਰ ਦੇ ਸੱਚਖੰਡ ਡੇਰਾ ਬੱਲਾ ’ਚ ਆ ਰਹੇ ਹਨ ਅਤੇ ਭਾਜਪਾ ਨੇ ਹੁਣ ਇਸ ਦੇ ਅੱਗੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ’ਚ ਪ੍ਰਦੇਸ਼ ਦੇ ਅਹੁਦੇਦਾਰਾਂ ਦੀ ਬੈਠਕ ਹੋਈ, ਜਿਸ ’ਚ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਵਾਸੁਲੂ, ਪਾਰਟੀ ਦੇ ਸਹਿ ਪ੍ਰਭਾਰੀ ਡਾ. ਨਰਿੰਦਰ ਰੈਨਾ ਤੇ ਜਨਰਲ ਸਕੱਤਰ ਮੌਜੂਦ ਸਨ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦੇ ਜਲੰਧਰ ਆਗਮਨ ਮਗਰੋਂ ਪਾਰਟੀ ਨੇ ਮੋਗਾ ’ਚ ਪ੍ਰਸਤਾਵਿਤ ਰੈਲੀ ਬਾਰੇ ਚਰਚਾ ਕੀਤੀ, ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣਗੇ। ਇਹ ਰੈਲੀ 22 ਫਰਵਰੀ ਨੂੰ ਪ੍ਰਸਤਾਵਿਤ ਹੈ। ਹਾਲਾਂਕਿ, ਸਰਦੀ ਦੇ ਪ੍ਰਭਾਵ ਨੂੰ ਦੇਖਦਿਆਂ ਪਾਰਟੀ ਇਸ ਨੂੰ ਮਾਰਚ ’ਚ ਵੀ ਕਰਨ 'ਤੇ ਵਿਚਾਰ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਾਰਟੀ ਦੋ ਮਹੀਨਿਆਂ ਅੰਦਰ ਮੁੱਖ ਤੌਰ 'ਤੇ ਚਾਰ ਰੈਲੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ। ਮੋਗਾ ਦੀ ਰੈਲੀ ਮੁੱਖ ਤੌਰ 'ਤੇ ਕਿਸਾਨਾਂ 'ਤੇ ਕੇਂਦਰਿਤ ਕੀਤੀ ਜਾਵੇਗੀ।
ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਹੁਣ ਵਿਰੋਧੀ ਪਾਰਟੀਆਂ ਨੂੰ ਹਮਲਾਵਰ ਤਰੀਕੇ ਨਾਲ ਜਵਾਬ ਦੇਣ ਦਾ ਮਨ ਬਣਾ ਚੁੱਕੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਜਿੱਥੇ ਮਨਰੇਗਾ ਯੋਜਨਾ ਦੇ ਖ਼ਤਮ ਕਰਨ ਖ਼ਿਲਾਫ਼ ਰੈਲੀਆਂ ਕਰ ਰਹੀ ਹੈ, ਭਾਜਪਾ ਲਗਾਤਾਰ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੈ। ਪਾਰਟੀ ਦੇ ਸਰੋਤਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ, ਜਿੱਥੇ ਡੇਰਾ ਬੱਲਾ ’ਚ ਨਤਮਸਤਕ ਹੋ ਕੇ ਐੱਸਸੀ ਭਾਈਚਾਰੇ ’ਚ ਇਕ ਹਾਂ ਪੱਖੀ ਸੁਨੇਹਾ ਦੇਣਾ ਚਾਹੁੰਦੇ ਹਨ, ਉਥੇ ਮੋਗਾ ਦੀ ਪ੍ਰਸਤਾਵਿਤ ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ।
ਇਕ ਪਾਸੇ ਜਿੱਥੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਗਠਨ ਦੀ ਚਰਚਾ ਜ਼ੋਰਾਂ 'ਤੇ ਹੈ, ਦੂਜੇ ਪਾਸੇ ਭਾਜਪਾ ਲਗਾਤਾਰ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਵਧਾ ਕੇ ਆਪਣੇ ਆਧਾਰ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰ ਰਹੀ ਹੈ। ਪਾਰਟੀ ਦੇ ਸਰੋਤਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਹੋਈ ਬੈਠਕ ’ਚ ਆਉਣ ਵਾਲੇ ਦਿਨਾਂ ’ਚ ਪਾਰਟੀ ਦੀਆਂ ਗਤੀਵਿਧੀਆਂ ਤੇ ਰੈਲੀਆਂ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਕੋਰ ਕਮੇਟੀ ਤੇ ਪ੍ਰਦੇਸ਼ ਦੇ ਅਹੁਦੇਦਾਰਾਂ ਦੀ ਬੈਠਕ ਵੀ ਬੁਲਾਈ ਹੋਈ ਹੈ।