ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦਾ ਸੂਬਾ ਸਰਕਾਰ ਤੇ ਪਾਰਟੀ ’ਚ ਪੂਰਾ ਦਬਦਬਾ ਰਿਹਾ ਹੈ। ਨਾ ਸਿਰਫ਼ ਉਨ੍ਹਾਂ ਨੂੰ ਸੈਕਟਰ ਦੋ ’ਚ ਪੰਜਾਹ ਨੰਬਰ ਕੋਠੀ ਦਿੱਤੀ ਗਈ ਸੀ, ਬਲਕਿ ਜ਼ੈੱਡ ਸੁਰੱਖਿਆ ਛੱਤਰੀ ਮੁਹੱਈਆਂ ਕਰਵਾਈ ਗਈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਕੇ ਦੇਸ਼ ਦੀ ਸਿਆਸਤ ’ਚ ਵੱਡਾ ਸਿਆਸੀ ਭੂਚਾਲ ਲਿਆ ਦਿੱਤਾ। ਪੰਜਾਬ ਦੀ ਸਿਆਸਤ ’ਚ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਪਾਰਟੀ ਦੇ ਏਨੀ ਵੱਡੀ ਗਿਣਤੀ ’ਚ ਰਾਜ ਸਭਾ ਮੈਂਬਰ ਦੂਜੀ ਪਾਰਟੀ ’ਚ ਸ਼ਾਮਲ ਹੋਏ ਹੋਣ। ਸ਼ੁੱਕਰਵਾਰ ਨੂੰ ਵਾਪਰੀ ਇਸ ਸਿਆਸੀ ਖੇਡ ਨਾਲ ਕਈ ਗੱਲਾਂ ਜਗ ਜ਼ਾਹਿਰ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦਾ ਸੂਬਾ ਸਰਕਾਰ ਤੇ ਪਾਰਟੀ ’ਚ ਪੂਰਾ ਦਬਦਬਾ ਰਿਹਾ ਹੈ। ਨਾ ਸਿਰਫ਼ ਉਨ੍ਹਾਂ ਨੂੰ ਸੈਕਟਰ ਦੋ ’ਚ ਪੰਜਾਹ ਨੰਬਰ ਕੋਠੀ ਦਿੱਤੀ ਗਈ ਸੀ, ਬਲਕਿ ਜ਼ੈੱਡ ਸੁਰੱਖਿਆ ਛੱਤਰੀ ਮੁਹੱਈਆਂ ਕਰਵਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਘਵ ਦੇ ਪਾਰਟੀ ਛੱਡ ਕੇ ਜਾਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੰਨਿਆ ਕਿ ਰਾਘਵ ਚੱਢਾ 50 ਨੰਬਰ ਕੋਠੀ ’ਚ ਰਹਿੰਦੇ ਸਨ। ਉਦੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਜ ਸਭਾ ਮੈਂਬਰ ਨੂੰ ਕੋਠੀ ਤੇ ਸੁਰੱਖਿਆ ਦੇਣ ਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ ਸੀ, ਪਰ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਭਾਵੇਂ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਵਿਕਰਮਜੀਤ ਸਿੰਘ ਸਾਹਨੀ ਤੇ ਰਾਜਿੰਦਰ ਗੁਪਤਾ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਪਰ ਇਨ੍ਹਾਂ ਆਗੂਆਂ ਨੂੰ ਰਾਜ ਸਭਾ ’ਚ ਭੇਜਣ ਮੌਕੇ ਪਾਰਟੀ ਦੇ ਅੰਦਰ ਦੱਬੀ ਅਵਾਜ਼ ’ਚ ਵਿਰੋਧ ਸ਼ੁਰੂ ਹੋਇਆ ਸੀ। ਰਾਘਵ ਚੱਢਾ ਤੇ ਸੰਦੀਪ ਪਾਠਕ ਤਾਂ ਪਾਰਟੀ ਨਾਲ ਜੁੜੇ ਹੋਏ ਸਨ ਪਰ ਬਾਕੀਆਂ ਦਾ ਪੰਜਾਬ ਦੀ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਰਾਜਿੰਦਰ ਗੁਪਤਾ ਤਾਂ ਪੰਜਾਬੀ ਦੀਆਂ ਤਿੰਨਾਂ ਸਰਕਾਰਾਂ (ਅਕਾਲੀ ਦਲ, ਕਾਂਗਰਸ ਤੇ ਆਪ) ’ਚ ਯੋਜਨਾਂ ਬੋਰਡ ਦੇ ਵਾਈਸ ਚੇਅਰਅਮੈਨ (ਕੈਬਨਿਟ ਰੈਂਕ) ਰਹੇ ਹਨ। ਵੱਡੇ ਕਾਰੋਬਾਰੀਆਂ ਨੂੰ ਟਿਕਟਾਂ ਦੇਣ ’ਤੇ ਸਿਆਸੀ ਸ਼ਰੀਕਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਪਿਛਲੇ ਦਿਨਾਂ ਦੌਰਾਨ ਈਡੀ ਨੇ ਅਸ਼ੋਕ ਮਿੱਤਲ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ (ਸਾਬਕਾ ਰਾਜ ਸਭਾ ਮੈਂਬਰ) ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ ਲੀਡਰਸ਼ਿਪ ਨੂੰ ਇਸਦੀ ਅਗੇਤੀ ਭਿਣਕ ਸੀ ਕਿ ਅਜਿਹਾ ਹੋ ਸਕਦਾ ਹੈ। ਆਪ ਲੀਡਰਸ਼ਿਪ ਵੱਲੋਂ ਤਿੰਨ ਸਾਲ ਪਹਿਲਾਂ (2022) ਭਾਜਪਾ ’ਤੇ ਆਪ੍ਰੇਸ਼ਨ ਲੋਟਸ ਤਹਿਤ ਪੰਜਾਬ ਦੇ ਵਿਧਾਇਕਾਂ ਨੂੰ ਮੋਟੀਆਂ ਰਕਮਾਂ ਦਾ ਲਾਲਚ ਦੇ ਕੇ ਖ਼ਰੀਦਣ ਦਾ ਦੋਸ਼ ਲਾਉਣਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੋਹਾਲੀ ਪੁਲਿਸ ਸਟੇਸ਼ਨ ’ਚ 14 ਸਤੰਬਰ 2022 ਨੂੰ ਮੁਕਦਮਾ ਵੀ ਦਰਜ਼ ਕਰਵਾਇਆ ਗਿਆ ਸੀ। ਸੂਬੇ ਦੇ ਇਤਿਹਾਸ ’ਚ ਇਹ ਵੀ ਪਹਿਲੀ ਵਾਰ ਹੋਇਆ ਕਿ ਹੁਕਮਰਾਨ ਧਿਰ ਨੇ ਇਸ ਮੁੱਦੇ ’ਤੇ ਵਿਧਾਨ ਸਭਾ (27 ਸਤੰਬਰ 2022) ’ਚ ਵਿਸ਼ਵਾਸ ਮਤਾ ਸਦਨ ’ਚ ਪੇਸ਼ ਕਰ ਕੇ ਸਰਕਾਰ ’ਚ ਭਰੋਸਾ, ਬਹੁਮਤ ਹੋਣ ਦਾ ਮਤਾ ਪਾਸ ਕੀਤਾ ਹੋਵੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜੇ ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਲ ਹੋਏ ਹਨ, ਆਉਣ ਵਾਲੇ ਦਿਨਾਂ ਵਿਚ ਆਪ ਦੇ ਵਿਧਾਇਕ ਵੀ ਪਾਰਟੀ ਨੂੰ ਛੱਡਣਗੇ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਕਈ ਵਿਧਾਇਕ ਇਸ ਵਕਤ ਖਫ਼ਾ ਚੱਲ ਰਹੇ ਹਨ। ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਤਾਂ ਲਗਾਤਾਰ ਪਾਰਟੀ ਦੇ ਗ਼ਲਤ ਫ਼ੈਸਲਿਆਂ ਨੂੰ ਲੈ ਕੇ ਟਿੱਪਣੀਆਂ ਕਰਦੇ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਣੇ ‘ਆਪ’ ਆਗੂਆਂ ਨੇ ਜਿੱਥੇ ਰਾਘਵ ਚੱਢਾ, ਸੰਦੀਪ ਪਾਠਕ ਸਮੇਤ ਹੋਰਨਾਂ ਆਗੂਆਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਗੱਦਾਰ ਸ਼ਬਦ ਦੀ ਵਰਤੋਂ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਆਪ ਦੀ ਸਿਆਸਤ ਦਾ ਊਂਠ ਆਉਣ ਵਾਲੇ ਸਮੇ ਵਿਚ ਕੀ ਸਿਆਸੀ ਰੁਖ ਅਖਤਿਆਰ ਕਰੇਗਾ।