ਪਰਿਵਾਰ ਦਾ ਕਹਿਣਾ ਹੈ ਕਿ ਦੇਰ ਰਾਤ ਵਟਸਐੱਪ ਕਾਲਾਂ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ। ਪੁਲਿਸ ਨੇ ਕੁਝ ਨੰਬਰਾਂ ਦਾ ਤਕਨੀਕੀ ਡਾਟਾ ਇਕੱਠਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਧੀ ਦੇ ਤਲਾਕ ਤੋਂ ਬਾਅਦ ਇਕ ਪਰਿਵਾਰ ਨੂੰ ਲਗਾਤਾਰ ਅਸ਼ਲੀਲ ਮੈਸੇਜ, ਇਤਰਾਜਯੋਗ ਤਸਵੀਰਾਂ ਅਤੇ ਧਮਕੀਆਂ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਐਰੋਸਿਟੀ (ਏਅਰਪੋਰਟ ਰੋਡ) ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਸਾਈਬਰ ਕਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਸਾਲ 2018 ਵਿਚ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਆਸਟ੍ਰੇਲੀਆ ਵਿਚ ਰਹਿਣ ਲੱਗ ਪਏ। ਬਾਅਦ ਵਿਚ ਦੋਵਾਂ ਵਿਚਾਲੇ ਵਿਵਾਦ ਵੱਧਣ ਕਾਰਨ ਲੜਕੀ ਦੇ ਪਰਿਵਾਰ ਨੇ ਦਾਜ-ਦਹੇਜ ਦੀ ਪਰੇਸ਼ਾਨੀ ਅਤੇ ਐੱਨਆਰਆਈ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾਈਆਂ ਸਨ।
ਸ਼ਿਕਾਇਤਕਰਤਾ ਅਨੁਸਾਰ, ਇਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵਟਸਐੱਪ 'ਤੇ ਲਗਾਤਾਰ ਅਸ਼ਲੀਲ ਅਤੇ ਇਤਰਾਜਯੋਗ ਸਮੱਗਰੀ ਭੇਜੀ ਜਾਣ ਲੱਗੀ। ਇੰਨਾ ਹੀ ਨਹੀਂ, ਦੇਰ ਰਾਤ ਫੋਨ ਕਾਲਾਂ ਕਰਕੇ ਉਨ੍ਹਾਂ 'ਤੇ ਮਾਨਸਿਕ ਦਬਾਅ ਬਣਾਇਆ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਹੁਣ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਕਰੀਬ 130 ਮੋਬਾਈਲ ਨੰਬਰਾਂ ਦੀ ਇਕ ਸੂਚੀ ਸੌਂਪੀ ਹੈ। ਦੋਸ਼ ਹੈ ਕਿ ਇਨ੍ਹਾਂ ਨੰਬਰਾਂ ਤੋਂ ਲਗਾਤਾਰ ਅਸ਼ਲੀਲ ਫੋਟੋਆਂ, ਗ਼ਲਤ ਮੈਸੇਜ ਅਤੇ ਧਮਕੀ ਭਰੀਆਂ ਗੱਲਾਂ ਲਿਖ ਕੇ ਭੇਜੀਆਂ ਗਈਆਂ। ਪਰਿਵਾਰ ਦਾ ਕਹਿਣਾ ਹੈ ਕਿ ਦੇਰ ਰਾਤ ਵਟਸਐੱਪ ਕਾਲਾਂ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ। ਪੁਲਿਸ ਨੇ ਕੁਝ ਨੰਬਰਾਂ ਦਾ ਤਕਨੀਕੀ ਡਾਟਾ ਇਕੱਠਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਵਿਚ ਸ਼ਾਮਲ ਹੋਇਆ ਜਵਾਈ, ਦੋਸ਼ਾਂ ਨੂੰ ਨਕਾਰਿਆ
ਪੁਲਿਸ ਨੇ ਪੜਤਾਲ ਦੌਰਾਨ ਸ਼ਿਕਾਇਤਕਰਤਾ ਦੇ ਜਵਾਈ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਹੈ। ਪੁੱਛਗਿੱਛ ਦੌਰਾਨ ਉਸਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸਨੇ ਕਿਸੇ ਵੀ ਤਰ੍ਹਾਂ ਦੇ ਅਸ਼ਲੀਲ ਮੈਸੇਜ ਜਾਂ ਤਸਵੀਰਾਂ ਨਹੀਂ ਭੇਜੀਆਂ। ਦੂਜੇ ਪਾਸੇ, ਸਪੈਸ਼ਲ ਬਰਾਂਚ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਕੋਲ ਭੇਜੀ ਗਈ ਇਤਰਾਜਯੋਗ ਸਮੱਗਰੀ ਦੇ ਮੁਢਲੇ ਸਬੂਤ ਮਿਲੇ ਹਨ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਸਾਈਬਰ ਥਾਣਾ ਮੁਹਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਅਗਲੀ ਜਾਂਚ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।