ਅਧਿਕਾਰੀਆਂ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB), ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਅਤੇ ਪੰਜਾਬ ਵਣ ਵਿਭਾਗ ਦੇ ਨੁਮਾਇੰਦਿਆਂ ਵਾਲੀ ਸਾਂਝੀ ਕਮੇਟੀ ਨੇ 11 ਮਈ ਨੂੰ ਆਪਣੀ ਰਿਪੋਰਟ ਐਨਜੀਟੀ ਦੇ ਸਾਹਮਣੇ ਪੇਸ਼ ਕੀਤੀ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਦੇ ਬਰਨਾਲਾ 'ਚ ਸਰਕਾਰੀ ਜ਼ਮੀਨ 'ਤੇ ਵੱਡੀ ਗਿਣਤੀ ਵਿੱਚ ਹਰੇ ਰੁੱਖਾਂ ਦੀ ਕਥਿਤ ਨਾਜਾਇਜ਼ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਗਠਿਤ ਸਾਂਝੀ ਕਮੇਟੀ ਨੇ ਆਪਣੀ ਜਾਂਚ ਵਿਚ ਮੁੱਢਲੇ ਤੌਰ 'ਤੇ ਪਾਇਆ ਹੈ ਕਿ ਫੁਹਾਰਾ ਚੌਕ ਨੇੜੇ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ 'ਤੇ ਲੋੜੀਂਦੀ ਇਜਾਜ਼ਤ ਤੋਂ ਬਿਨਾਂ ਵੱਡੇ ਪੱਧਰ 'ਤੇ ਰੁੱਖ ਕੱਟੇ ਤੇ ਪੁੱਟੇ ਗਏ। ਕਮੇਟੀ ਨੇ ਇਸ ਨੂੰ ਵਾਤਾਵਰਨ ਮਿਆਰਾਂ ਦੀ ਗੰਭੀਰ ਉਲੰਘਣਾ ਮੰਨਦੇ ਹੋਏ ਸਬੰਧਤ ਅਧਿਕਾਰੀਆਂ ਖ਼ਿਲਾਫ਼ ਐਫਆਈਆਰ (FIR) ਦਰਜ ਕਰਨ ਤੇ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।
ਅਧਿਕਾਰੀਆਂ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB), ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਅਤੇ ਪੰਜਾਬ ਵਣ ਵਿਭਾਗ ਦੇ ਨੁਮਾਇੰਦਿਆਂ ਵਾਲੀ ਸਾਂਝੀ ਕਮੇਟੀ ਨੇ 11 ਮਈ ਨੂੰ ਆਪਣੀ ਰਿਪੋਰਟ ਐਨਜੀਟੀ ਦੇ ਸਾਹਮਣੇ ਪੇਸ਼ ਕੀਤੀ। ਇਹ ਜਾਂਚ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਦੀ ਪਟੀਸ਼ਨ 'ਤੇ ਕਰਵਾਈ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਬਰਨਾਲਾ ਦੇ ਫੁਆਰਾ ਚੌਕ ਨੇੜੇ ਸਰਕਾਰੀ ਜ਼ਮੀਨ 'ਤੇ ਕਰੀਬ 140 ਹਰੇ ਅਤੇ ਵਿਰਾਸਤੀ ਰੁੱਖਾਂ ਨੂੰ ਜੇਸੀਬੀ ਮਸ਼ੀਨਾਂ ਨਾਲ ਪੁੱਟ ਦਿੱਤਾ ਗਿਆ।
ਪਟੀਸ਼ਨ ਅਨੁਸਾਰ, ਇਨ੍ਹਾਂ ਵਿਚ ਨਿੰਮ, ਬੋਹੜ, ਪਿੱਪਲ, ਸ਼ਹਿਤੂਤ, ਸਾਗਵਾਨ, ਕਿੱਕਰ, ਟਾਹਲੀ ਅਤੇ ਜੰਡ ਵਰਗੇ ਰੁੱਖ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕਈਆਂ ਦੀ ਉਮਰ ਕਰੀਬ 50 ਸਾਲ ਦੱਸੀ ਗਈ ਹੈ।
ਸਾਂਝੀ ਕਮੇਟੀ ਨੇ 30 ਅਪ੍ਰੈਲ ਨੂੰ ਮੌਕੇ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਪਾਇਆ ਗਿਆ ਕਿ ਜ਼ਮੀਨ ਦੀ ਖੁਦਾਈ ਕਰਕੇ ਉਸ ਨੂੰ ਪੱਧਰਾ ਕੀਤਾ ਗਿਆ ਸੀ ਅਤੇ ਉਸਾਰੀ ਸਬੰਧੀ ਗਤੀਵਿਧੀਆਂ ਦੇ ਸੰਕੇਤ ਮਿਲੇ। ਮੌਕੇ 'ਤੇ ਪੁੱਟੀ ਹੋਈ ਮਿੱਟੀ ਦੇ ਢੇਰ ਅਤੇ ਤਾਜ਼ਾ ਮਿੱਟੀ ਪਾਈ ਹੋਈ ਦਿਖਾਈ ਦਿੱਤੀ। ਕਮੇਟੀ ਨੇ ਕਿਹਾ ਕਿ ਇੰਪਰੂਵਮੈਂਟ ਟ੍ਰਸਟ ਦੇ ਅਧਿਕਾਰੀ ਰੁੱਖਾਂ ਦੀ ਕਟਾਈ ਲਈ ਵਣ ਵਿਭਾਗ ਤੋਂ ਲਈ ਗਈ ਕਿਸੇ ਵੀ ਇਜਾਜ਼ਤ, ਰੁੱਖਾਂ ਦੀ ਗਿਣਤੀ ਦਾ ਰਿਕਾਰਡ ਜਾਂ ਅਧਿਕਾਰਤ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।
ਰਿਪੋਰਟ ਅਨੁਸਾਰ, ਟ੍ਰਸਟ ਦੇ ਨੁਮਾਇੰਦਿਆਂ ਨੇ ਸਵੀਕਾਰ ਕੀਤਾ ਕਿ ਰੁੱਖਾਂ ਦੀ ਕਟਾਈ ਤੋਂ ਪਹਿਲਾਂ ਵਣ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਭਾਵੇਂ ਜ਼ਮੀਨ ਜੰਗਲਾਤ ਖੇਤਰ ਵਿੱਚ ਨਹੀਂ ਆਉਂਦੀ, ਫਿਰ ਵੀ ਰਾਜ ਦੇ ਨਿਯਮਾਂ ਤਹਿਤ ਰੁੱਖ ਕੱਟਣ ਲਈ ਸਮਰੱਥ ਅਥਾਰਟੀ ਤੋਂ ਇਜਾਜ਼ਤ ਲੈਣੀ ਲਾਜ਼ਮੀ ਸੀ।
ਨਿਰੀਖਣ ਸਮੇਂ ਕਮੇਟੀ ਨੇ ਸਾਈਟ 'ਤੇ 30 ਸੈਂਟੀਮੀਟਰ ਤੋਂ ਵੱਧ ਘੇਰੇ ਵਾਲੇ 76 ਰੁੱਖ ਅਤੇ 26 ਛੋਟੇ ਰੁੱਖ ਮੌਜੂਦ ਪਾਏ। ਨਾਲ ਹੀ ਪੁੱਟੇ ਹੋਏ ਮੁੱਢ, ਮਿੱਟੀ ਨਾਲ ਛੇੜਛਾੜ ਅਤੇ ਹਾਲ ਹੀ ਵਿੱਚ ਹੋਈ ਕਟਾਈ ਦੇ ਨਿਸ਼ਾਨ ਵੀ ਮਿਲੇ। ਸ਼ਿਕਾਇਤਕਰਤਾ ਨੇ ਕਥਿਤ ਕਟਾਈ ਅਤੇ ਲੱਕੜ ਲਿਜਾਏ ਜਾਣ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਕਮੇਟੀ ਨੂੰ ਸੌਂਪੀਆਂ।
ਸਥਾਨਕ ਨਿਵਾਸੀ ਵਿਜੇ ਕੁਮਾਰ ਨੇ ਕਮੇਟੀ ਨੂੰ ਦੱਸਿਆ ਕਿ ਪਹਿਲਾਂ ਇੱਥੇ ਕਰੀਬ 200 ਰੁੱਖ ਸਨ ਅਤੇ ਕੱਟੇ ਗਏ ਸਾਰੇ ਰੁੱਖ ਹਰੇ ਅਤੇ ਸਿਹਤਮੰਦ ਸਨ। ਕਮੇਟੀ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਸਿੱਧੇ ਤੌਰ 'ਤੇ ਬਰਨਾਲਾ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਅਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਮੇਟੀ ਨੇ ਐਨਜੀਟੀ ਤੋਂ ਬਰਨਾਲਾ ਦੇ ਐਸਐਸਪੀ ਨੂੰ ਨਿਰਦੇਸ਼ ਦੇ ਕੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ। ਨਾਲ ਹੀ ਪੰਜਾਬ ਸਿਵਲ ਸੇਵਾ ਨਿਯਮਾਂ ਤਹਿਤ ਵਿਭਾਗੀ ਕਾਰਵਾਈ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸੁਝਾਅ ਵੀ ਦਿੱਤਾ ਹੈ।
ਵਣ ਵਿਭਾਗ ਨੇ 55 ਪਛਾਣੇ ਗਏ ਪੁੱਟੇ ਹੋਏ ਰੁੱਖਾਂ ਦਾ ਬਾਜ਼ਾਰ ਮੁੱਲ ਕਰੀਬ 1.31 ਲੱਖ ਰੁਪਏ ਮਿਥਿਆ ਹੈ ਅਤੇ ਇਹ ਰਾਸ਼ੀ ਜ਼ਿੰਮੇਵਾਰ ਅਧਿਕਾਰੀਆਂ ਤੋਂ ਵਸੂਲਣ ਦੀ ਤਜਵੀਜ਼ ਦਿੱਤੀ ਹੈ। ਇਸ ਤੋਂ ਇਲਾਵਾ ਹਰ ਕੱਟੇ ਗਏ ਰੁੱਖ ਦੇ ਬਦਲੇ ਪੰਜ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਪੰਜ ਸਾਲਾਂ ਤੱਕ ਦੇਖਭਾਲ ਯਕੀਨੀ ਬਣਾਉਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ।