ਸੈਕਟਰ-38 ਦੇ ਗੋਲੂ ਕਤਲ ਮਾਮਲੇ ’ਚ ਦੋਵੇਂ ਮੁਲਜ਼ਮ ਗ੍ਰਿਫ਼ਤਾਰ, ਚਾਕੂ ਤੇ ਬੁਲੇਟ ਬਰਾਮਦ
ਸੈਕਟਰ-38 ਦੇ ਗੋਲੂ ਕਤਲ ਮਾਮਲੇ ‘ਚ ਦੋਵੇਂ ਮੁਲਜ਼ਮ ਗ੍ਰਿਫ਼ਤਾਰ, ਚਾਕੂ ਤੇ ਬੁਲੇਟ ਬਰਾਮਦ
Publish Date: Sat, 17 Jan 2026 07:59 PM (IST)
Updated Date: Sat, 17 Jan 2026 08:01 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-38 ਨਿਵਾਸੀ ਸਿਮਿਤ ਉਰਫ਼ ਗੋਲੂ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋਵੇਂ ਫ਼ਰਾਰ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ-39 ਥਾਣਾ ਪੁਲਿਸ ਵੱਲੋਂ ਸ਼ਨੀਚਰਵਾਰ ਸਵੇਰੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਡੱਡੂਮਾਜਰਾ ਨਿਵਾਸੀ ਕ੍ਰਿਸ਼ ਉਰਫ਼ ਕਾਸੂ ਅਤੇ ਹਨੀ ਵਜੋਂ ਹੋਈ ਹੈ। ਪੁਲਿਸ ਜਾਂਚ ਅਨੁਸਾਰ, ਸਿਮਿਤ ਉਰਫ਼ ਗੋਲੂ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਐਕਟਿਵਾ ’ਤੇ ਘਰ ਵਾਪਸ ਜਾ ਰਿਹਾ ਸੀ, ਜਦੋਂ ਉਸ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਿਮਿਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੱਤਿਆ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੈਕਟਰ-39 ਥਾਣਾ ਮੁਖੀ ਰਾਮਦਿਆਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਦੋਵੇਂ ਮੁਲਜ਼ਮਾਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਹੱਤਿਆ ਵਿੱਚ ਵਰਤਿਆ ਗਿਆ ਚਾਕੂ ਅਤੇ ਬੁਲੇਟ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਐਤਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਦਰਮਿਆਨ, ਸ਼ਨੀਚਰਵਾਰ ਨੂੰ ਸੈਕਟਰ-16 ਜਨਰਲ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਪਹਿਲਾਂ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਦੋਵੇਂ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੈਕਟਰ-25 ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਤੇ ਮੁਲਜਮਾਂ ਦਰਮਿਆਨ ਕਾਫ਼ੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਇਸ ਤੋਂ ਪਹਿਲਾਂ ਬਾਪੂਧਾਮ, ਸੈਕਟਰ-17 ਅਤੇ ਸੈਕਟਰ-25 ਵਿੱਚ ਦੋਵੇਂ ਪੱਖਾਂ ਵਿਚਕਾਰ ਕਈ ਵਾਰ ਕੁੱਟਮਾਰ ਦੀਆਂ ਘਟਨਾਵਾਂ ਹੋ ਚੁੱਕੀਆਂ ਸਨ। ‘‘‘‘‘‘‘‘‘‘‘‘‘‘‘‘‘‘ ਬਾਕਸ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦਿੱਤੀ ਧਮਕੀ ਪੁਲਿਸ ਨੇ ਦੱਸਿਆ ਕਿ ਹੱਤਿਆ ਤੋਂ ਬਾਅਦ ਮੁੱਖ ਮੁਲਜ਼ਮ ਕ੍ਰਿਸ਼ ਉਰਫ਼ ਕਾਸੂ ਵੱਲੋਂ ਇੰਸਟਾਗ੍ਰਾਮ ‘ਤੇ ਇੱਕ ਰੀਲ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਵਿੱਚ ਉਹ ਖੁੱਲ੍ਹੇਆਮ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਸੀ ਅਤੇ ਕਹਿ ਰਿਹਾ ਸੀ—“ਹੁਣ ਮਰਡਰ ਹੋਣਗੇ, ਲਾਸ਼ਾਂ ਵਿਛਣਗੀਆਂ।”ਮੁਲਜ਼ਮ ਨੇ ‘ਕਿਸ਼ਨੂ’ ਨਾਮ ਨਾਲ ਸੋਸ਼ਲ ਮੀਡੀਆ ਆਈਡੀ ਬਣਾਈ ਹੋਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਹੱਤਿਆ ਤੋਂ ਬਾਅਦ ਵੀ ਮੁਲਜ਼ਮ ਬੇਖੌਫ਼ ਹੋ ਕੇ ਸੋਸ਼ਲ ਮੀਡੀਆ ਰਾਹੀਂ ਦਹਿਸ਼ਤ ਫੈਲਾਉਂਦਾ ਰਿਹਾ।