ਮੌਲੀਜਾਗਰਾ ਆਤਮਹੱਤਿਆ ਮਾਮਲਾ : ਪੁਲਿਸ ਥਾਣੇ ਬਾਹਰ ਧਰਨਾ, ਇਨਸਾਫ਼ ਦੀ ਮੰਗ ’ਤੇ ਅੜੇ ਪਰਿਵਾਰਕ ਮੈਂਬਰ
ਮੌਲੀ ਜਾਗਰਾਂ ਆਤਮਹੱਤਿਆ ਮਾਮਲਾ
Publish Date: Wed, 14 Jan 2026 07:11 PM (IST)
Updated Date: Wed, 14 Jan 2026 07:12 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪਿੰਡ ਮੌਲੀਜਾਗਰਾ ਵਿਚ ਆਤਮਹੱਤਿਆ ਦੇ ਮਾਮਲੇ ਨੂੰ ਲੈ ਕੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪਿੰਡ ਦੇ ਰਹਿਣ ਵਾਲੇ ਧਰਮਪਾਲ (55) ਵੱਲੋਂ ਆਤਮਹੱਤਿਆ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਲੀਜਾਗਰਾਂ ਪੁਲਿਸ ਥਾਣੇ ਦੇ ਬਾਹਰ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਧਰਮਪਾਲ ਨੂੰ ਦੂਜੀ ਬਿਰਾਦਰੀ ਦੇ ਕੁਝ ਲੋਕਾਂ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਆਖਿਰਕਾਰ ਉਸ ਨੇ ਘਰ ਵਿੱਚ ਫ਼ਾਹਾ ਲਗਾ ਕੇ ਆਤਮਹੱਤਿਆ ਕਰ ਲਈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਟਾਲਮਟੋਲ ਕਰ ਰਹੀ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਹਿ ਕਿ ਜਦ ਤੱਕ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਗੌਰਤਲਬ ਹੈ ਕਿ ਚਾਰ ਦਿਨ ਪਹਿਲਾਂ ਮੌਲੀ ਜਾਗਰਾਂ ਵਿੱਚ ਰਾਤ ਸਮੇਂ ਕੁਝ ਅਣਪਛਾਤੇ ਲੋਕਾਂ ਵੱਲੋਂ ਪਥਰਾਅ ਕਰਕੇ ਮੁਹੱਲੇ ਵਿੱਚ ਖੜ੍ਹੀਆਂ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ ਅਤੇ ਭਾਰੀ ਹੰਗਾਮਾ ਕੀਤਾ ਗਿਆ ਸੀ। ਇਹ ਸਾਰਾ ਵਿਵਾਦ ਪਰਿਵਾਰਕ ਮਾਮਲੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਧਰਮਪਾਲ ਦੇ ਭਰਾ ਸੰਜੇ ਦੇ ਪੁੱਤਰ ਨੇ ਪਿਛਲੇ ਮਹੀਨੇ ਦੂਜੀ ਬਿਰਾਦਰੀ ਦੀ ਲੜਕੀ ਨਾਲ ਕੋਰਟ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਲੜਕਾ ਘਰ ਨਹੀਂ ਆਇਆ ਸੀ। ਐਤਵਾਰ ਨੂੰ ਜਦੋਂ ਧਰਮਪਾਲ ਨੇ ਆਤਮਹੱਤਿਆ ਕੀਤੀ, ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਕਿ ਲੜਕਾ ਅਤੇ ਉਸ ਦਾ ਪਰਿਵਾਰ ਘਰ ਵਾਪਸ ਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਮਪਾਲ ਦੇ ਘਰ ਅਤੇ ਮੁਹੱਲੇ ਵਿੱਚ ਖੜ੍ਹੀਆਂ ਗੱਡੀਆਂ ’ਤੇ ਪੱਥਰਬਾਜ਼ੀ ਕੀਤੀ ਗਈ। ਮ੍ਰਿਤਕ ਦੀ ਧੀ ਦੀਕਸ਼ਾ ਅਤੇ ਉਸ ਦੇ ਭਰਾ ਸੰਜੇ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਲੜਕੀ ਦੀ ਬਿਰਾਦਰੀ ਦੇ ਲੋਕ ਧਰਮਪਾਲ ਨੂੰ ਰਸਤਾ ਰੋਕ ਕੇ ਧਮਕੀਆਂ ਦੇ ਰਹੇ ਸਨ ਅਤੇ ਪਰੇਸ਼ਾਨ ਕਰ ਰਹੇ ਸਨ। ਇਨ੍ਹਾਂ ਹਾਲਾਤਾਂ ਕਾਰਨ ਪੂਰਾ ਪਰਿਵਾਰ ਘਰ ਛੱਡ ਕੇ ਬਾਹਰ ਰਹਿਣ ਲਈ ਮਜਬੂਰ ਹੋ ਗਿਆ ਸੀ। ਧਰਮਪਾਲ ਦੀ ਮੌਤ ਤੋਂ ਬਾਅਦ ਜਦੋਂ ਪਰਿਵਾਰ ਘਰ ਵਾਪਸ ਆਇਆ, ਤਾਂ ਇਕ ਵਾਰ ਫਿਰ ਹਮਲਾ ਕਰਕੇ ਭਾਰੀ ਤੋੜ-ਫੋੜ ਕੀਤੀ ਗਈ।