ਸਿਡਨੀ ਤੋਂ ਵਾਪਸੀ ਆਈ ਮੁਟਿਆਰ ਨਾਲ ਰਾਤ ਸਮੇਂ ਛੇੜਛਾੜ, ਇੱਕ ਨੌਜਵਾਨ ਕਾਬੂ
ਸਿਡਨੀ ਤੋਂ ਵਾਪਸੀ ਆਈ ਮੁਟਿਆਰ ਨਾਲ ਰਾਤ ਸਮੇਂ ਛੇੜਛਾੜ, ਇੱਕ ਨੌਜਵਾਨ ਕਾਬੂ
Publish Date: Tue, 13 Jan 2026 08:14 PM (IST)
Updated Date: Tue, 13 Jan 2026 08:15 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਅਸਟਰੇਲੀਆ (ਸਿਡਨੀ) ਤੋਂ ਵਾਪਸ ਆਈ ਇੱਕ ਮੁਟਿਆਰ ਨਾਲ ਚੰਡੀਗੜ੍ਹ ਵਿੱਚ ਰਾਤ ਦੇ ਸਮੇਂ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਤਿੰਨ ਨੌਜਵਾਨਾਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਤੰਗ ਕੀਤਾ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਸੈਕਟਰ-3 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਪੁਲਿਸ ਨੇ ਉਸਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ। ਮੁਲਜ਼ਮ ਦੀ ਪਛਾਣ ਰਿਆਨ ਗੁਪਤਾ ਵਜੋਂ ਹੋਈ ਹੈ, ਜੋ ਮਨੀਮਾਜਰਾ ਦਾ ਰਹਿਣ ਵਾਲਾ ਹੈ। ਰਿਆਨ ਹਰਿਆਣਾ ਦੇ ਬਰਵਾਲਾ ਵਿੱਚ ਪੜ੍ਹਾਈ ਕਰ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਕਿ ਉਹ ਮੋਹਾਲੀ ਦੀ ਰਹਿਣ ਵਾਲੀ ਹੈ ਅਤੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਦੀ ਹੈ। ਉਹ ਹਾਲ ਹੀ ਵਿੱਚ ਭਾਰਤ ਵਾਪਸ ਆਈ ਹੈ। ਸੋਮਵਾਰ ਰਾਤ ਨੂੰ ਜਦੋਂ ਉਹ ਸੈਕਟਰ-7 ਇਲਾਕੇ ਵਿੱਚ ਸੀ, ਤਦ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸੈਕਟਰ-7 ਤੋਂ ਮੋਹਾਲੀ ਵੱਲ ਵਾਪਸ ਜਾਣ ਲੱਗੀ ਤਾਂ ਨੌਜਵਾਨ ਸੈਕਟਰ 7-8 ਦੀ ਡਿਵਾਈਡਿੰਗ ਰੋਡ ’ਤੇ ਵੀ ਉਸਦਾ ਪਿੱਛਾ ਕਰਦੇ ਰਹੇ। ਸ਼ੁਰੂ ਵਿੱਚ ਲੜਕੀ ਨੇ ਉਨ੍ਹਾਂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕੀਤਾ, ਪਰ ਜਦੋਂ ਉਹ ਨਾ ਰੁਕੇ ਅਤੇ ਲਗਾਤਾਰ ਪਿੱਛਾ ਕਰਦੇ ਰਹੇ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-3 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲੜਕੀ ਦੇ ਬਿਆਨ ਦਰਜ ਕੀਤੇ। ਜਾਂਚ ਦੌਰਾਨ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਰਿਆਨ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ, ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਸਟੇਸ਼ਨ ਤੋਂ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ।