ਪੰਚਕੂਲਾ ’ਚ ਤੇਂਦੂਏ ਦੀ ਦਹਿਸ਼ਤ, ਕੈਂਟ ਏਰੀਆ ਨੇੜੇ ਕੁੱਤੇ ’ਤੇ ਹਮਲਾ, ਜੰਗਲਾਤ ਵਿਭਾਗ ਅਲਰਟ
ਪੰਚਕੂਲਾ ਵਿੱਚ ਤੇਂਦੂਏ ਦੀ ਦਹਿਸ਼ਤ
Publish Date: Thu, 08 Jan 2026 08:02 PM (IST)
Updated Date: Thu, 08 Jan 2026 08:03 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਚਕੂਲਾ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਦੇ ਨੇੜੇ-ਤੇੜੇ ਜੰਗਲ ਦੇ ਖੂੰਖਾਰ ਸ਼ਿਕਾਰੀ ਤੇਂਦੂਏ ਦੀ ਲਗਾਤਾਰ ਮੂਵਮੈਂਟ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਚੰਡੀਮੰਦਰ ਆਰਮੀ ਕੈਂਟ ਏਰੀਆ ਦੇ ਨੇੜੇ ਦਾ ਹੈ, ਜਿੱਥੇ ਇੱਕ ਵਾਰ ਫਿਰ ਤੇਂਦੂਏ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਚੰਡੀਮੰਦਰ ਆਰਮੀ ਯੂਨਿਟ ਨੇ ਜੰਗਲਾਤ ਵਿਭਾਗ ਨਾਲ ਸੰਪਰਕ ਕਰ ਕੇ ਰੇਕੀ ਅਤੇ ਜਾਲ ਵਿਛਾਉਣ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਵੀਰਵਾਰ ਤੜਕੇ ਕਰੀਬ ਸਵੇਰੇ 4 ਵਜੇ ਹਸਪਤਾਲ ਐੱਮਟੀ ਏਰੀਆ ਦੇ ਨੇੜੇ ਤੇਂਦੂਆ ਵੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਂਦੂਆ ਰੇਲਵੇ ਟ੍ਰੈਕ ਵਾਲੀ ਸਾਈਡ ਤੋਂ ਆਇਆ ਅਤੇ ਇਕ ਕੁੱਤੇ ’ਤੇ ਹਮਲਾ ਕਰ ਕੇ ਉਸਨੂੰ ਫੜ ਲਿਆ ਤੇ ਫਿਰ ਉਸੇ ਦਿਸ਼ਾ ਵੱਲ ਭੱਜ ਗਿਆ। ਇਸ ਤੋਂ ਪਹਿਲਾਂ ਮੰਗਲਵਾਰ–ਬੁੱਧਵਾਰ ਦੀ ਰਾਤ 9:15 ਵਜੇ ਓਲਡ ਸਟੇਸ਼ਨ ਵਰਕਸ਼ਾਪ ਲੋਕੇਸ਼ਨ ਨੇੜੇ ਅਤੇ ਸੋਮਵਾਰ ਦੀ ਰਾਤ ਕਰੀਬ 9:30 ਵਜੇ ਸ਼ਿਵਾਲਿਕ ਬਰਡ ਸੈਂਕਚੁਅਰੀ ਅਤੇ ਚੀਤਾ ਹੈਲੀਕਾਪਟਰ ਡਿਸਪਲੇ ਦੇ ਨੇੜੇ ਵੀ ਤੇਂਦੂਏ ਦੇ ਵੇਖੇ ਜਾਣ ਦੀ ਸੂਚਨਾ ਮਿਲੀ ਸੀ। ਪਿਛਲੇ 24 ਘੰਟਿਆਂ ਵਿੱਚ ਦੋ ਵਾਰ ਤੇਂਦੂਏ ਦੀ ਮੂਵਮੈਂਟ ਸਾਹਮਣੇ ਆਉਣ ਦੇ ਬਾਵਜੂਦ ਉਹ ਹੁਣ ਤੱਕ ਫੜਿਆ ਨਹੀਂ ਜਾ ਸਕਿਆ। ਤੇਂਦੂਆ ਅਚਾਨਕ ਦਿਖਾਈ ਦਿੰਦਾ ਹੈ ਅਤੇ ਫਿਰ ਜੰਗਲ ਵੱਲ ਗਾਇਬ ਹੋ ਜਾਂਦਾ ਹੈ। ਖਾਸ ਚਿੰਤਾ ਦੀ ਗੱਲ ਇਹ ਹੈ ਕਿ ਉਹ ਜੰਗਲ ਅੰਦਰ ਜਾਣ ਦੀ ਬਜਾਏ ਆਸ-ਪਾਸ ਦੇ ਰਿਹਾਇਸ਼ੀ ਖੇਤਰਾਂ ਵਿੱਚ ਹੀ ਮੂਵਮੈਂਟ ਕਰ ਰਿਹਾ ਹੈ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਉਹੀ ਤੇਂਦੂਆ ਹੈ ਜੋ 27 ਦਸੰਬਰ ਨੂੰ ਸੈਕਟਰ-6 ਦੇ ਰਿਹਾਇਸ਼ੀ ਖੇਤਰ ਵਿੱਚ ਦਾਖ਼ਲ ਹੋਇਆ ਸੀ ਜਾਂ ਫਿਰ ਕਿਸੇ ਹੋਰ ਤੇਂਦੂਏ ਦੀ ਨਵੀਂ ਮੂਵਮੈਂਟ ਹੈ। ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਚੰਡੀਮੰਦਰ ਆਰਮੀ ਦੀ ਟੀਮ ਫਾਰੈਸਟ ਡਿਪਾਰਟਮੈਂਟ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਰਚ ਤੇ ਮਾਨੀਟਰਿੰਗ ਓਪਰੇਸ਼ਨ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ। ਕੈਂਟ ਏਰੀਆ ਦੇ ਨਿਵਾਸੀਆਂ ਨੂੰ ਮੋਬਾਈਲ ’ਤੇ ਲਗਾਤਾਰ ਐਡਵਾਈਜ਼ਰੀ ਭੇਜੀ ਜਾ ਰਹੀ ਹੈ।