ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੱਡਾ ਝਟਕਾ

* ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸੁਣਾਇਆ ਫ਼ੈਸਲਾ
ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੱਡਾ ਝਟਕਾ ਲੱਗਾ ਹੈ। ਸੀਬੀਆਈ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਕਰੀਬ ਸਵਾ ਦੋ ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਭੁੱਲਰ ਨੂੰ ਫਿਲਹਾਲ ਜੇਲ੍ਹ ’ਚ ਹੀ ਰਹਿਣਾ ਪਵੇਗਾ।
ਸੀਬੀਆਈ ਵੱਲੋਂ ਅਦਾਲਤ ’ਚ ਦਲੀਲ ਦਿੱਤੀ ਗਈ ਕਿ ਹਰਚਰਨ ਸਿੰਘ ਭੁੱਲਰ ਦਾ ਪ੍ਰਸ਼ਾਸਨ ਤੇ ਸਿਸਟਮ ’ਚ ਕਾਫ਼ੀ ਰੁਤਬਾ ਹੈ। ਜੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸੇ ਆਧਾਰ ’ਤੇ ਸੀਬੀਆਈ ਨੇ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਸੀਬੀਆਈ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ।
ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਡੀਆਈਜੀ ਭੁੱਲਰ ਦੇ ਵਕੀਲ ਐੱਸਪੀਐੱਸ ਭੁੱਲਰ ਨੇ ਅਦਾਲਤ ’ਚ ਕਿਹਾ ਕਿ ਸੀਬੀਆਈ ਨੇ ਜਿਨ੍ਹਾਂ ਗੱਲਬਾਤ ਤੇ ਦਸਤਾਵੇਜ਼ਾਂ ਨੂੰ ਰਿਸ਼ਵਤ ਨਾਲ ਜੋੜਿਆ ਹੈ, ਉਨ੍ਹਾਂ ’ਚ ਵਰਤਿਆ ਗਿਆ ਸ਼ਬਦ “ਸੇਵਾ-ਪਾਣੀ” ਜ਼ਰੂਰੀ ਨਹੀਂ ਕਿ ਰਿਸ਼ਵਤ ਦਾ ਹੀ ਅਰਥ ਹੋਵੇ। ਇਸ ਦਾ ਕੋਈ ਹੋਰ ਆਮ ਅਰਥ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਲੀਲ ਦਿੱਤੀ ਕਿ ਜਿਸ ਥਾਂ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਸ਼ਿਕਾਇਤਕਰਤਾ, ਵਿਚੋਲਾ ਤੇ ਸੀਬੀਆਈ ਅਧਿਕਾਰੀ ਤੋਂ ਇਲਾਵਾ ਕੋਈ ਸੁਤੰਤਰ ਗਵਾਹ ਮੌਜੂਦ ਨਹੀਂ ਸੀ। ਨਾਲ ਹੀ ਗ੍ਰਿਫ਼ਤਾਰੀ ਸਮੇਂ ਪੰਜਾਬ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ। ਵਕੀਲ ਨੇ ਇਹ ਵੀ ਕਿਹਾ ਕਿ ਕੇਸ ’ਚ ਨਾ ਤਾਂ ਸਪੱਸ਼ਟ ਸਮਾਂ, ਨਾ ਤਰੀਕ ਤੇ ਨਾ ਹੀ ਥਾਂ ਦਾ ਜ਼ਿਕਰ ਹੈ।
ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਬਚਾਅ ਪੱਖ ਦੀਆਂ ਦਲੀਲਾਂ ਦਾ ਸਖ਼ਤ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭੁੱਲਰ ਖ਼ਿਲਾਫ਼ ਦਰਜ ਮਾਮਲਾ ਗ਼ੈਰ-ਜ਼ਮਾਨਤੀ ਹੈ ਅਤੇ ਇਸ ’ਚ ਦੋ ਪੱਕੇ ਗਵਾਹ ਹਨ, ਜਿਨ੍ਹਾਂ ’ਚ ਇੰਸਪੈਕਟਰ ਪਵਨ ਲਾਂਬਾ ਤੇ ਇੰਸਪੈਕਟਰ ਆਰਐੱਮ ਸ਼ਰਮਾ ਸ਼ਾਮਲ ਹਨ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਭੁੱਲਰ ਇਕ ਵੱਡੇ ਅਹੁਦੇ ’ਤੇ ਤਾਇਨਾਤ ਰਹੇ ਹਨ ਤੇ ਸਾਬਕਾ ਡੀਜੀਪੀ ਦੇ ਪੁੱਤਰ ਹਨ, ਇਸ ਲਈ ਜਾਂਚ ਏਜੰਸੀ ਨੇ ਪਹਿਲਾਂ ਹੀ ਸਾਰੇ ਸਬੂਤ ਇਕੱਠੇ ਕਰ ਲਏ ਸਨ। ਸੀਬੀਆਈ ਮੁਤਾਬਕ, ਭੁੱਲਰ ਵੱਲੋਂ ਵਿਚੋਲੇ ਨੂੰ ਭੇਜੇ ਗਏ ਮੈਸੇਜਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰਿਸ਼ਵਤ ਮੰਗੀ ਜਾ ਰਹੀ ਸੀ। ਮੈਸੇਜ ’ਚ ਲਿਖਿਆ ਸੀ-“ਜਿੰਨਾ ਦਿੰਦਾ ਹੈ, ਓਨਾ ਲੈ ਲਓ ਅਤੇ ਪੂਰੇ 8 ਲੱਖ ਕਰਨੇ ਹਨ।”
ਸੀਬੀਆਈ ਨੇ ਇਹ ਵੀ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਅਧਿਸੂਚਨਾ ਅਨੁਸਾਰ ਸੀਬੀਆਈ ਦੇ ਡੀਐਸਪੀ ਨੂੰ ਗ੍ਰਿਫ਼ਤਾਰੀ ਦਾ ਪੂਰਾ ਅਧਿਕਾਰ ਹੈ, ਖ਼ਾਸ ਕਰ ਕੇ ਜਦੋਂ ਮਾਮਲਾ ਭ੍ਰਿਸ਼ਟਾਚਾਰ ਅਤੇ ਇੰਨੇ ਵੱਡੇ ਅਧਿਕਾਰੀ ਨਾਲ ਜੁੜਿਆ ਹੋਵੇ।
ਮੋਹਾਲੀ ਤੋਂ ਹੋਈ ਸੀ ਗ੍ਰਿਫ਼ਤਾਰੀ : ਸੀਬੀਆਈ ਨੇ 16 ਅਕਤੂਬਰ ਨੂੰ ਹਰਚਰਨ ਸਿੰਘ ਭੁੱਲਰ ਨੂੰ ਮੋਹਾਲੀ ਸਥਿਤ ਆਪਣੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਦਲਾਲ ਕ੍ਰਿਸ਼ਨੂ ਸ਼ਾਰਦਾ ਨੂੰ ਫੜਿਆ ਗਿਆ ਸੀ। ਭੁੱਲਰ ’ਤੇ ਪੰਜ ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਘਰ ’ਤੇ ਹੋਈ ਛਾਪੇਮਾਰੀ ਦੌਰਾਨ ਕਰੀਬ 7.50 ਕਰੋੜ ਰੁਪਏ ਨਕਦ, ਮਹਿੰਗੀਆਂ ਘੜੀਆਂ, ਸ਼ਰਾਬ ਅਤੇ ਗੱਡੀਆਂ ਦੀਆਂ ਚਾਬੀਆਂ ਬਰਾਮਦ ਹੋਈਆਂ ਸਨ ।