ਗ਼ੈਰਕਾਨੂੰਨੀ ਫੇਰੀ ਲਾਉਣ ’ਤੇ ਹੋਵੇਗੀ ਪੁਲਿਸ ਕਾਰਵਾਈ, ਨਗਰ ਨਿਗਮ ਨੇ ਸਖ਼ਤੀ ਵਧਾਈ
ਗੈਰਕਾਨੂੰਨੀ ਫੇਰੀ ਲਗਾਉਣ ‘ਤੇ ਹੋਵੇਗੀ ਪੁਲਿਸ ਕਾਰਵਾਈ, ਨਗਰ ਨਿਗਮ ਨੇ ਸਖ਼ਤੀ ਵਧਾਈ
Publish Date: Wed, 31 Dec 2025 07:25 PM (IST)
Updated Date: Wed, 31 Dec 2025 07:26 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੈਦਲ ਯਾਤਰੀਆਂ ਦੀ ਸੁਚੱਜੀ ਆਵਾਜਾਈ ਯਕੀਨੀ ਬਣਾਉਣ ਅਤੇ ਸ਼ਹਿਰ ਵਿਚ ਨਾਗਰਿਕ ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਨਗਰ ਨਿਗਮ ਚੰਡੀਗੜ੍ਹ ਨੇ ਗ਼ੈਰਕਾਨੂੰਨੀ ਅਤੇ ਬਿਨਾਂ ਮਨਜ਼ੂਰੀ ਵਾਲੀ ਸਟ੍ਰੀਟ ਵੈਂਡਿੰਗ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਗਰ ਨਿਗਮ ਦੇ ਪ੍ਰਵਰਤਨ ਵਿੰਗ ਮੁਤਾਬਕ ਵੱਡੀ ਗਿਣਤੀ ਵਿੱਚ ਫੇਰੀਵਾਲੇ ਫੁੱਟਪਾਥਾਂ, ਪੱਕੇ ਰਾਹਾਂ ਅਤੇ ਜਨਤਕ ਮਾਰਗਾਂ ‘ਤੇ ਰਹੜੀਆਂ, ਠੇਲੇ ਅਤੇ ਮੇਜ਼ ਲਗਾ ਕੇ ਗੈਰਕਾਨੂੰਨੀ ਕਬਜ਼ਾ ਕਰ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਵੀ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਨਜਾਇਜ ਕਬਜ਼ੇ ਹਟਾਉ ਮੁਹਿੰਮਾਂ ਦੌਰਾਨ ਕੁਝ ਫੇਰੀਵਾਲੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਦੇ ਹਨ ਅਤੇ ਕਈ ਵਾਰ ਮਾੜਾ ਵਰਤਾਰਾ ਤੇ ਹੱਥਾਪਾਈ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜ ਜਾਂਦੀ ਹੈ। ਨਗਰ ਨਿਗਮ ਅਨੁਸਾਰ ਇਹ ਸਮੱਸਿਆ ਵਿਸ਼ੇਸ਼ ਤੌਰ ‘ਤੇ ਸੈਕਟਰ 15, 17, 19, 22, 41 ਅਤੇ ਮਨੀਮਾਜਰਾ ਖੇਤਰਾਂ ਵਿੱਚ ਵੱਧ ਦੇਖਣ ਨੂੰ ਮਿਲ ਰਹੀ ਹੈ। ਵਾਰ-ਵਾਰ ਚਾਲਾਨ ਕੱਟੇ ਜਾਣ ਅਤੇ ਸਮਾਨ ਜ਼ਬਤ ਕੀਤੇ ਜਾਣ ਦੇ ਬਾਵਜੂਦ ਸੰਬੰਧਿਤ ਫੇਰੀਵਾਲੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮੁੜ ਗੈਰਕਾਨੂੰਨੀ ਤੌਰ ‘ਤੇ ਵੈਂਡਿੰਗ ਸ਼ੁਰੂ ਕਰ ਦੇਂਦੇ ਹਨ। ਇਸ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਨਗਰ ਨਿਗਮ ਨੇ ਚੰਡੀਗੜ੍ਹ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਨਗਰ ਨਿਗਮ, ਨਾਗਰਿਕਾਂ ਜਾਂ ਹੋਰ ਸਰੋਤਾਂ ਤੋਂ ਸ਼ਿਕਾਇਤ ਮਿਲਣ ‘ਤੇ ਭਾਰਤੀ ਨਿਆਂ ਸੰਹਿਤਾ 2023 ਦੇ ਪ੍ਰਾਵਧਾਨਾਂ ਤਹਿਤ ਗੈਰਕਾਨੂੰਨੀ ਅਤੇ ਬਿਨਾਂ ਮਨਜ਼ੂਰੀ ਵਾਲੇ ਫੇਰੀਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣ। ਇਸ ਦੇ ਨਾਲ ਹੀ ਨਗਰ ਨਿਗਮ ਦੇ ਇੰਜੀਨੀਅਰਿੰਗ ਵਿੰਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਚੁਣੇ ਹੋਏ ਵੈਂਡਿੰਗ ਜ਼ੋਨਾਂ ਵਿੱਚ ਮਜ਼ਬੂਤ ਨਾਗਰਿਕ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ। ਇਸ ਤਹਿਤ ਉਚਿਤ ਰੋਸ਼ਨੀ, ਪਾਣੀ ਦੀ ਸਪਲਾਈ, ਪੇਵਰ ਬਲੌਕਸ ਦੀ ਸਥਾਪਨਾ ਅਤੇ ਰਜਿਸਟਰਡ ਫੇਰੀਵਾਲਿਆਂ ਲਈ ਵੈਂਡਿੰਗ ਸਥਾਨਾਂ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਜਾਵੇਗੀ, ਤਾਂ ਜੋ ਕਾਨੂੰਨੀ ਅਤੇ ਵਿਵਸਥਿਤ ਵੈਂਡਿੰਗ ਨੂੰ ਉਤਸਾਹਨ ਮਿਲ ਸਕੇ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਤੋਂ ਇਸ ਪਹਿਲ ਵਿੱਚ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਦਾ ਉਦੇਸ਼ ਨਾਗਰਿਕ ਸੁਵਿਧਾਵਾਂ ਵਿੱਚ ਸੁਧਾਰ, ਜਨਤਕ ਸਹੂਲਤ ਯਕੀਨੀ ਬਣਾਉਣਾ ਅਤੇ ਨਗਰ ਨਿਗਮ ਕਾਨੂੰਨਾਂ ਦੀ ਪ੍ਰਭਾਵਸ਼ਾਲੀ ਪਾਲਣਾ ਕਰਵਾਉਣਾ ਹੈ।