ਰਾਜਪਾਲ ਵੱਲੋਂ ਟੈਰਸਡ ਗਾਰਡਨ ’ਚ ਜ਼ੀਰੋ ਵੇਸਟ ਗੁਲਦਾਉਦੀ ਸ਼ੋਅ ਦਾ ਉਦਘਾਟਨ
ਰਾਜਪਾਲ ਵੱਲੋਂ ਟੈਰਸਡ ਗਾਰਡਨ ਵਿੱਚ ਜ਼ੀਰੋ ਵੇਸਟ ਗੁਲਦਾਉਦੀ ਸ਼ੋਅ ਦਾ ਉਦਘਾਟਨ
Publish Date: Fri, 19 Dec 2025 07:20 PM (IST)
Updated Date: Fri, 19 Dec 2025 07:22 PM (IST)

ਫੁੱਲਾਂ ਦੀਆਂ 260 ਤੋਂ ਵੱਧ ਕਿਸਮਾਂ ਦੇਖਣ ਨੂੰ ਮਿਲਣਗੀਆਂ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-33 ਸਥਿਤ ਟੈਰਸਡ ਗਾਰਡਨ ਵਿਚ ਜ਼ੀਰੋ ਵੇਸਟ 38 ਵੇ ਗੁਲਦਾਉਦੀ ਸ਼ੋਅ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਲੇਡੀ ਗਵਰਨ ਅਨੀਤਾ ਕਟਾਰੀਆ ਨੇ ਕੀਤਾ। ਤਿੰਨ ਦਿਨ ਚੱਲਣ ਵਾਲੀ ਫੁੱਲ ਪ੍ਰਦਰਸ਼ਨੀ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗੀ। ਇਸ ਮੌਕੇ ’ਤੇ ਮੇਅਰ ਹਰਪ੍ਰੀਤ ਕੌਰ ਬਬਲਾ, ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸਵੀ ਪੀ ਸਿੰਘ, ਗ੍ਰਹਿ ਸਕੱਤਰ ਮੰਦੀਪ ਸਿੰਘ ਬਰਾੜ, ਮਿਊਂਸਪਲ ਕਮਿਸ਼ਨਰ ਅਮਿਤ ਕੁਮਾਰ, ਇਲਾਕਾ ਕੌਂਸਲਰ ਅੰਜੂ ਕਟਿਆਲ, ਹੋਰ ਕੌਂਸਲਰਾਂ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ । ਰਾਜਪਾਲ ਨੇ ਫੁੱਲਾਂ ਦੀ ਰੰਗ-ਬਿਰੰਗੀ ਸਜਾਵਟ ਦੀ ਸ਼ਲਾਘਾ ਕਰਦਿਆਂ ਨਗਰ ਨਿਗਮ ਨੂੰ ਗੁਲਦਾਉਦੀ ਸ਼ੋਅ ਨੂੰ ਜ਼ੀਰੋ ਵੇਸਟ ਸਮਾਗਮ ਵਜੋਂ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ, ਜੋ ਟਿਕਾਊ ਵਿਕਾਸ ਅਤੇ ਵਾਤਾਵਰਣੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦੀ ਹੈ। ਵਾਤਾਵਰਣ ਸੁਰੱਖਿਆ ‘ਤੇ ਜ਼ੋਰ ਦਿੰਦਿਆਂ ਰਾਜਪਾਲ ਨੇ ਸ਼ਹਿਰੀ ਸੁੰਦਰਤਾ, ਮਾਨਸਿਕ ਸੁਖ-ਸ਼ਾਂਤੀ ਅਤੇ ਵਾਤਾਵਰਣੀ ਸੰਤੁਲਨ ਵਿੱਚ ਫੁੱਲਾਂ ਦੀ ਮਹੱਤਤਾ ਉਭਾਰੀ ਅਤੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਬਾਗਬਾਨੀ ਗਤੀਵਿਧੀਆਂ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਛੋਟੀ ਉਮਰ ਤੋਂ ਹੀ ਵਾਤਾਵਰਣੀ ਚੇਤਨਾ ਵਿਕਸਿਤ ਹੋ ਸਕੇ। ਉਨ੍ਹਾਂ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਰੰਗੀਨ ਸੱਭਿਆਚਾਰਕ ਨ੍ਰਿਤ ਪ੍ਰਸਤੁਤੀਆਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸਮਾਗਮ ਵਿੱਚ ਰੌਣਕ ਅਤੇ ਸਮੁਦਾਇਕ ਭਾਗੀਦਾਰੀ ਵਧਾਈ। ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸੰਬੋਧਨ ਕਰਦਿਆਂ ਮਾਲੀਆਂ ਅਤੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨਾਲ ਇਹ ਸਮਾਗਮ ਰੌਣਕਦਾਰ, ਰੰਗੀਨ ਅਤੇ ਨਾਗਰਿਕ-ਮਿਤਰ ਬਣਿਆ। ਉਨ੍ਹਾਂ ਨੇ ਪ੍ਰਦਰਸ਼ਨੀ ਨੂੰ ਜ਼ੀਰੋ ਵੇਸਟ ਸਮਾਗਮ ਵਜੋਂ ਆਯੋਜਿਤ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਸਾਲ 260 ਤੋਂ ਵੱਧ ਕਿਸਮਾਂ ਦੇ ਕ੍ਰਿਸੈਂਥੀਮਮ ਫੁੱਲ ਪ੍ਰਦਰਸ਼ਿਤ ਕੀਤੇ ਗਏ ਹਨ, ਜੋ ਸਾਰੇ ਐੱਮਸੀਸੀ ਦੀਆਂ ਨਰਸਰੀਆਂ ਵਿੱਚ ਹੀ ਉਗਾਏ ਅਤੇ ਪਾਲੇ ਗਏ ਹਨ। ਬਾਗਬਾਨੀ ਵਿਭਾਗ ਦੇ ਮਾਲੀਆਂ ਨੇ ਫੁੱਲਾਂ ਨਾਲ ਕਿਸ਼ਤੀਆਂ, ਊਂਠ, ਮੋਰ, ਗਾਂ, ਜਿਰਾਫ਼, ਸ਼ੇਰ ਅਤੇ ਹੋਰ ਕਈ ਜਾਨਵਰਾਂ ਤੇ ਪੰਛੀਆਂ ਦੇ ਰਚਨਾਤਮਕ ਮਾਡਲ ਤਿਆਰ ਕੀਤੇ ਹਨ, ਜੋ ਚੰਡੀਗੜ੍ਹ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਛਾਣ ਦਿਵਾਉਂਦੇ ਆ ਰਹੇ ਹਨ। ਦਰਸ਼ਕਾਂ ਦੀ ਸੁਵਿਧਾ ਲਈ ਨਗਰ ਨਿਗਮ ਵੱਲੋਂ ਲੌਸਟ ਐਂਡ ਫਾਊਂਡ ਕਾਊਂਟਰ, ਮੈਡੀਕਲ ਕਾਊਂਟਰ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸਾਫ਼-ਸੁਥਰੇ ਜਨਤਕ ਪਖਾਨਿਆਂ ਸਮੇਤ ਕਈ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਮੇਲੇ ਦੇ ਮੈਦਾਨ ਵਿੱਚ ਇੱਕ ਵਿਸ਼ੇਸ਼ “ਜ਼ੀਰੋ ਵੇਸਟ ਰਸੋਈ” ਵੀ ਸਥਾਪਿਤ ਕੀਤੀ ਗਈ ਹੈ, ਜਿੱਥੇ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਜੈਵਿਕ ਤੌਰ ‘ਤੇ ਨਸ਼ਟ ਹੋਣ ਵਾਲੇ ਅਤੇ ਰੀਸਾਈਕਲ ਉਤਪਾਦਾਂ ਨੂੰ ਪਉਤਸਾਹਿਤ ਕਰਦਿਆਂ ਵਾਜਬ ਦਰਾਂ ‘ਤੇ ਖਾਣਾ ਉਪਲਬਧ ਕਰਵਾਇਆ ਜਾ ਰਿਹਾ ਹੈ।