ਪ੍ਰਸ਼ਾਸਕ ਵੱਲੋਂ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਨਿਰੀਖਣ

- ਕੂੜਾ ਹਟਾਉਣ ਤੇ ਵਾਤਾਵਰਣ ਸੁਧਾਰ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੋਮਵਾਰ ਨੂੰ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਦੌਰਾ ਕਰਕੇ ਕੂੜਾ ਪ੍ਰਬੰਧਨ ਦੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮੌਕੇ ’ਤੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਵਾਤਾਵਰਣ ਤੇ ਜਨਸਿਹਤ ਨਾਲ ਸਬੰਧਿਤ ਸਮੱਸਿਆਵਾਂ ਦੇ ਤੁਰੰਤ ਹੱਲ ’ਤੇ ਜ਼ੋਰ ਦਿੱਤਾ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਤੋਂ ਡੰਪਿੰਗ ਗਰਾਊਂਡ ਵਿੱਚ ਨਵਾਂ ਕੂੜਾ ਨਹੀਂ ਪਾਇਆ ਜਾ ਰਿਹਾ ਅਤੇ ਸਾਰਾ ਕੂੜਾ ਹੁਣ ਮਟੀਰੀਅਲ ਰਿਕਵਰੀ ਫੈਸਿਲਟੀ (ਐੱਮਆਰਐੱਫ) ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ’ਤੇ ਰਾਜਪਾਲ ਨੇ ਸੰਤੋਸ਼ ਜਤਾਇਆ, ਪਰ ਪੁਰਾਣੇ ਕੂੜੇ ਨੂੰ ਹਟਾਉਣ ਦੀ ਹੌਲੀ ਰਫ਼ਤਾਰ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਰਹਿਣ ਵਾਲੇ ਲੋਕ ਹਾਲੇ ਵੀ ਸਿਹਤ ਅਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜੋ ਗੰਭੀਰ ਮਸਲਾ ਹੈ। ਉਨ੍ਹਾਂ ਨੇ ਅਧਿਕਾਰੀਆਂ ਤੋਂ ਦੇਰੀ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਮੰਗੀ। ਰਾਜਪਾਲ ਨੂੰ ਬਾਇਓ-ਮਾਈਨਿੰਗ ਅਤੇ ਹੋਰ ਵਿਗਿਆਨਕ ਤਰੀਕਿਆਂ ਰਾਹੀਂ ਪੁਰਾਣੇ ਕੂੜੇ ਦੇ ਨਿਪਟਾਰੇ ਦੀ ਪ੍ਰਗਤੀ ਬਾਰੇ ਵੀ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਐੱਮਆਰਐੱਫ ਕੇਂਦਰਾਂ ਵਿੱਚ ਕੂੜੇ ਦੀ ਛੰਟਾਈ ਅਤੇ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ ਨਵਾਂ ਕੂੜਾ ਇਕੱਠਾ ਨਹੀਂ ਹੋ ਰਿਹਾ। ਪੁਰਾਣੇ ਕੂੜੇ ਦੇ ਢੇਰ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ।
ਰਾਜਪਾਲ ਨੇ ਨਿਰਦੇਸ਼ ਦਿੱਤੇ ਕਿ ਡੰਪਿੰਗ ਗਰਾਊਂਡ ਖੇਤਰ ਨੂੰ ਹਰਿਤ ਖੇਤਰ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਵੱਡੇ ਪੱਧਰ ’ਤੇ ਬੂਟੇ ਲਾ ਕੇ ਵਾਤਾਵਰਣ ਨੂੰ ਸੁਧਾਰਿਆ ਜਾਵੇ। ਨਾਲ ਹੀ ਕੂੜਾ ਹਟਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਰਾਜਪਾਲ ਨੇ ਸੈਕਟਰ-26 ਸਥਿਤ ਟਰਾਂਸਪੋਰਟ ਏਰੀਆ ਅਤੇ ਅਨਾਜ, ਫਲ ਅਤੇ ਸਬਜ਼ੀ ਮੰਡੀ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰਨ, ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ, ਸਫ਼ਾਈ ਕਾਇਮ ਰੱਖਣ ਅਤੇ ਸਾਫ਼ ਪਖਾਨੇ ਉਪਲਬਧ ਕਰਵਾਉਣ ’ਤੇ ਜ਼ੋਰ ਦਿੱਤਾ। ਸਬਜ਼ੀ ਮੰਡੀ ਵਿੱਚ ਉਨ੍ਹਾਂ ਨੇ ਵਪਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਲੁੜੀਂਦੀ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ, ਮੁੱਖ ਸਕੱਤਰ ਰਾਜੇਸ਼ ਪ੍ਰਸਾਦ, ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਗ੍ਰਹਿ ਸਕੱਤਰ ਮੰਦੀਪ ਸਿੰਘ ਬਰਾੜ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਡੀਸੀ ਨਿਸ਼ਾਂਤ ਕੁਮਾਰ ਯਾਦਵ, ਮੁੱਖ ਇੰਜੀਨੀਅਰ ਸੀਬੀ ਓਝਾ ਸਮੇਤ ਹੋਰ ਸੀਨੀਅਰ ਅਧਿਕਾਰੀ ਆਦਿ ਹਾਜ਼ਰ ਸਨ।