ਕਵਲੀਨ ਕੌਰ ਨੇ ਏਸ਼ੀਆ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ’ਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ
ਕਵਲੀਨ ਕੌਰ ਨੇ ਏਸ਼ੀਆ ਮਾਸਟਰਜ਼ ਐਥਲੈਟਿਕ ਚੈੰਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ
Publish Date: Wed, 10 Dec 2025 06:23 PM (IST)
Updated Date: Wed, 10 Dec 2025 06:24 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੀ ਲੰਮੀ ਦੂਰੀ ਦੀ ਦੌੜਾਕ ਕਵਲੀਨ ਕੌਰ, ਜੋ ਕਿ ਨਗਰ ਨਿਗਮ ਵਿਚ ਸਬ ਡਿਵੀਜ਼ਨਲ ਇੰਜੀਨੀਅਰ ਵਜੋਂ ਤਾਇਨਾਤ ਹੈ, ਨੇ ਇਕ ਵਾਰ ਫਿਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਚੇਨੱਈ ਵਿਚ ਪੰਜ ਤੋਂ ਨੌਂ ਨਵੰਬਰ 2025 ਤੱਕ ਹੋਈ 23ਵੀਂ ਏਸ਼ੀਆ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਭਾਰਤ ਵੱਲੋਂ 45 ਤੋ ਵੱਧ ਉਮਰ ਵਰਗ ਵਿਚ ਹਿੱਸਾ ਲੈਂਦਿਆਂ ਕਵਲੀਨ ਕੌਰ ਨੇ ਏਸ਼ੀਆ ਮਾਸਟਰਜ਼ 10 ਕਿਲੋਮੀਟਰ ਦੌੜ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ, ਜਦਕਿ 5000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿਚ 22 ਦੇਸ਼ਾਂ ਤੋਂ 3,312 ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਇਹ ਸਿਖਲਾਈ ਚੰਦੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਕੋਚ ਸ਼ਿਵਾ ਅਥਵਾਲ (ਸਰੰਗਪੁਰ ਸਪੋਰਟਸ ਕੰਪਲੈਕਸ) ਦੀ ਰਹਿਨੁਮਾਈ ਹੇਠ ਪ੍ਰਾਪਤ ਕੀਤੀ । ਅੰਤਰਰਾਸ਼ਟਰੀ ਪੱਧਰ ’ਤੇ ਇਸ ਪ੍ਰਾਪਤੀ ਤੋਂ ਪਹਿਲਾਂ ਵੀ ਕਵਲੀਨ ਕੌਰ ਕਈ ਮਹੱਤਵਪੂਰਣ ਮੁਕਾਬਲਿਆਂ ਵਿੱਚ ਆਪਣਾ ਜ਼ੋਰ ਦਿਖਾ ਚੁੱਕੀ ਹਨ। 16 ਮਾਰਚ 2025 ਨੂੰ ਨਵੀਂ ਦਿੱਲੀ ਵਿੱਚ ਹੋਈ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਦੀ ਚੌਥੀ ਹਾਫ ਮੈਰਾਥਨ ਵਿੱਚ ਉਨ੍ਹਾਂ ਨੇ 10 ਕਿਲੋਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਬੈਂਗਲੁਰੂ ਵਿੱਚ ਹੋਈ ਪ੍ਰਸਿੱਧ ਟੀਸੀਐੱਸ ਵਰਲਡ 10ਕੇ ਵਿੱਚ ਵੀ ਉਨ੍ਹਾਂ ਨੇ ਕਾਮਯਾਬੀ ਨਾਲ ਦੌੜ ਪੂਰੀ ਕੀਤੀ। ਉਨ੍ਹਾਂ ਦੀ ਪਛਾਣ ਇੱਕ ਸਮਰਪਿਤ ਅਤੇ ਅਨੁਸ਼ਾਸਿਤ ਦੌੜਾਕਾਂ ਵਜੋਂ ਹੋਰ ਮਜ਼ਬੂਤ ਤਦੋਂ ਹੋਈ ਜਦੋਂ ਉਨ੍ਹਾਂ ਨੇ ਲਦਾਖ ਮੈਰਾਥਨ (21 ਅਤੇ 42 ਕਿਮੀ), ਟਾਟਾ ਮੁੰਬਈ ਮੈਰਾਥਨ (42 ਕਿਮੀ), ਚੰਡੀਗੜ੍ਹ ਦੀ ਡੇਲੀ ਵਰਲਡ ਮੈਰਾਥਨ ਜਿੱਥੇ ਉਨ੍ਹਾਂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਈ ਵੱਡੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਹ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਮਾਸਟਰਜ਼ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਰਹੀ ਹਨ। ਕਵਲੀਨ ਕੌਰ ਨੇ ਆਪਣੀ ਦੌੜ ਯਾਤਰਾ 2019 ਵਿੱਚ ਦ ਰਨ ਕਲੱਬ (ਟੀਆਰਸੀ ) ਤੋਂ ਪਾਵੇਲਾ ਬਾਲੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਸੀ।