ਪੰਜਾਬ ਲੋਕ ਭਵਨ ਵਿਚ ਉੱਤਰਾਖੰਡ, ਝਾਰਖੰਡ, ਅਸਮ ਅਤੇ ਨਾਗਾਲੈਂਡ ਦਾ ਸਥਾਪਨਾ ਦਿਵਸ ਮਨਾਇਆ
ਪੰਜਾਬ ਲੋਕ ਭਵਨ ਵਿੱਚ ਉੱਤਰਾਖੰਡ, ਝਾਰਖੰਡ, ਅਸਮ ਅਤੇ ਨਾਗਾਲੈਂਡ ਦਾ ਸਥਾਪਨਾ ਦਿਵਸ ਮਨਾਇਆ
Publish Date: Thu, 04 Dec 2025 08:16 PM (IST)
Updated Date: Thu, 04 Dec 2025 08:20 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਏਕ ਭਾਰਤ, ਸ਼੍ਰੇਸ਼ਠ ਭਾਰਤ ਪਹਿਲ ਦੇ ਤਹਿਤ ਪੰਜਾਬ ਲੋਕ ਭਵਨ ਵਿਚ ਅੱਜ ਉੱਤਰਾਖੰਡ, ਝਾਰਖੰਡ, ਅਸਮ ਅਤੇ ਨਾਗਾਲੈਂਡ ਦਾ ਸਥਾਪਨਾ ਦਿਵਸ ਮਨਾਇਆ ਗਿਆ। ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਤੋਂ ਲੋਕ ਭਵਨ ਤੱਕ ਦੇ ਰਾਸ਼ਟਰੀ ਪੱਧਰ ’ਤੇ ਹੋ ਰਹੇ ਬਦਲਾਅ ਨੂੰ ਲੋਕਤੰਤਰਿਕ ਭਾਵਨਾ ਦੀ ਮਜ਼ਬੂਤੀ ਕਰਾਰ ਦਿੱਤਾ। ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਸਰਦਾਰ ਵੱਲਭਭਾਈ ਪਟੇਲ ਦੇ ਰਿਆਸਤਾਂ ਦੇ ਏਕੀਕਰਨ ਵਿੱਚ ਇਤਿਹਾਸਕ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ 2015 ਵਿੱਚ ਸ਼ੁਰੂ ਕੀਤੀ ਗਈ “ਏਕ ਭਾਰਤ, ਸ਼੍ਰੇਸ਼ਠ ਭਾਰਤ” ਮੁਹਿੰਮ ਪਟੇਲ ਦੇ ਵਿਜ਼ਨ ਨੂੰ ਅੱਗੇ ਵਧਾਉਂਦੀ ਹੈ। ਉਨ੍ਹਾਂ ਨੇ ਉੱਤਰਾਖੰਡ, ਝਾਰਖੰਡ, ਅਸਮ ਅਤੇ ਨਾਗਾਲੈਂਡ ਦੀ ਸੰਸਕ੍ਰਿਤਕ ਤੇ ਇਤਿਹਾਸਿਕ ਪਛਾਣ ਨੂੰ “ਵਿਕਸਿਤ ਭਾਰਤ 2047” ਦੇ ਨਿਰਮਾਣ ਲਈ ਅਹਿਮ ਦੱਸਿਆ। ਚਾਰਾਂ ਰਾਜਾਂ ਦੇ ਰਾਜਪਾਲਾਂ ਦੇ ਵੀਡੀਓ ਸੰਦੇਸ਼ ਵੀ ਦਰਸ਼ਾਏ ਗਏ, ਜਦਕਿ ਵੱਖ–ਵੱਖ ਰਾਜਾਂ ਦੇ ਪ੍ਰਤੀਨਿਧੀਆਂ ਨੇ ਸਮਾਜਿਕ, ਆਰਥਿਕ, ਸੰਸਕ੍ਰਿਤਕ ਅਤੇ ਭੌਗੋਲਿਕ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਰੋਹ ਵਿੱਚ ਨੰਦਾਦੇਵੀ ਪਾਲਕੀ ਨ੍ਰਿਤ੍, ਝਾਰਖੰਡ ਦਾ ਆਦਿਵਾਸੀ ਨਾਚ, ਅਸਮ ਦਾ ਬਿਹੂ ਅਤੇ ਨਾਗਾਲੈਂਡ ਦਾ ਬਾਂਸ ਤੇ ਵਾਰੀਅਰ ਨਾਚ ਸਮੇਤ ਕਈ ਰੰਗ–ਬਰੰਗੀਆਂ ਲੋਕ-ਸੰਸਕ੍ਰਿਤਕ ਪ੍ਰਸਤੁਤੀਆਂ ਨੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਅਸਮੀ ਅਤੇ ਨਾਗਾ ਨਿਰਤਿਆਂ ਦਾ ਵਿਲੱਖਣ ਫਿਊਜ਼ਨ ਵੀ ਵਿਸ਼ੇਸ਼ ਆਕਰਸ਼ਣ ਰਿਹਾ। ਸਮਾਰੋਹ ਵਿੱਚ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ, ਵਿਸ਼ੇਸ਼ ਮਹਿਮਾਨਾਂ ਅਤੇ ਸ਼ਹਿਰ ਵਿੱਚ ਵਸਦੇ ਚਾਰਾਂ ਰਾਜਾਂ ਦੇ ਸਮੁਦਾਇਕ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।