ਅਦਾਲਤ ’ਚ ਪੇਸ਼ ਨਾ ਹੋਣ ’ਤੇ ਸ਼ਿਕਾਇਤਕਰਤਾ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ
ਇੱਕ ਕਰੋੜ ਰੁਪਏ ਦੀ ਲੁੱਟ ਦਾ ਮਾਮਲਾ
Publish Date: Sat, 22 Nov 2025 06:23 PM (IST)
Updated Date: Sat, 22 Nov 2025 06:25 PM (IST)
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਬਰਖ਼ਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨਾਲ ਜੁੜੇ ਇਕ ਕਰੋੜ ਰੁਪਏ ਦੀ ਹਾਈ-ਪ੍ਰੋਫਾਈਲ ਲੁੱਟ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਸ਼ਿਕਾਇਤਕਰਤਾ ਤੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਕਈ ਵਾਰ ਸੰਮਨ ਭੇਜਣ ਦੇ ਬਾਵਜੂਦ ਗੋਇਲ ਗਵਾਹੀ ਦੇਣ ਲਈ ਅਦਾਲਤ ’ਚ ਹਾਜ਼ਰ ਨਹੀਂ ਹੋਏ।
ਅਦਾਲਤ ਨੇ ਦਰਸਾਇਆ ਕਿ ਸ਼ਿਕਾਇਤਕਰਤਾ ਨੂੰ ਵਾਰ-ਵਾਰ ਨੋਟਿਸ ਤੇ ਸੰਮਨ ਭੇਜੇ ਗਏ ਸਨ, ਪਰ ਕਿਸੇ ਵੀ ਤਰੀਕ ’ਤੇ ਉਹ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਲਗਾਤਾਰ ਗ਼ੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ 8 ਦਸੰਬਰ ਲਈ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਦੋ ਸਾਲ ਪਹਿਲਾਂ ਹੋਈ ਸੀ ਲੁੱਟ ਦੀ ਘਟਨਾ
ਇਹ ਮਾਮਲਾ ਦੋ ਸਾਲ ਪਹਿਲਾਂ ਉਸ ਸਮੇਂ ਦਰਜ ਹੋਇਆ ਸੀ, ਜਦੋਂ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਯਲ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। 4 ਅਗਸਤ 2023 ਨੂੰ ਗੋਯਲ ਆਪਣੇ ਇੱਕ ਜਾਣਕਾਰ ਦੀ ਸਲਾਹ ’ਤੇ ਇੱਕ ਕਰੋੜ ਰੁਪਏ ਦੇ 500-500 ਦੇ ਨੋਟ ਲੈ ਕੇ ਮੋਹਾਲੀ ਦੇ ਏਅਰੋਸਿਟੀ ਪੁੱਜੇ ਸਨ। ਇਨ੍ਹਾਂ ਨੋਟਾਂ ਨੂੰ 2000 ਦੇ ਨੋਟਾਂ ਨਾਲ ਬਦਲਣਾ ਸੀ, ਜਿਸ ਦੇ ਬਦਲੇ ਉਨ੍ਹਾਂ ਨੂੰ ਪੰਜ ਫ਼ੀਸਦੀ ਕਮਿਸ਼ਨ ਮਿਲਣਾ ਸੀ।
ਮੋਹਾਲੀ ਵਿੱਚ ਕੁਝ ਲੋਕ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ-ਨਾਲ ਗੋਯਲ ਸੈਕਟਰ-40, ਚੰਡੀਗੜ੍ਹ ਆ ਗਏ। ਇੱਥੇ ਉਨ੍ਹਾਂ ਨੂੰ ਕੁਝ ਸਮਾਂ ਰੁਕਣ ਲਈ ਕਿਹਾ ਗਿਆ। ਥੋੜ੍ਹੀ ਦੇਰ ਬਾਅਦ ਤਿੰਨ ਹੋਰ ਲੋਕ ਉੱਥੇ ਆ ਗਏ। ਇਹ ਲੋਕ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲੱਗ ਪਏ, ਜਿਨ੍ਹਾਂ ਵਿੱਚ ਇੱਕ ਪੁਲੀਸ ਦੀ ਵਰਦੀ ਵਿੱਚ ਵੀ ਸੀ। ਉਨ੍ਹਾਂ ਨੇ ਗੋਯਲ ਦੀ ਗੱਡੀ ਵਿੱਚ ਪਿਆ ਇੱਕ ਕਰੋੜ ਰੁਪਏ ਨਾਲ ਭਰਿਆ ਬੈਗ ਚੁੱਕਿਆ ਅਤੇ ਆਪਣੀ ਗੱਡੀ ’ਚ ਰੱਖ ਕੇ ਮੌਕੇ ਤੋਂ ਫਰਾਰ ਹੋ ਗਏ।
ਐੱਸਆਈ ਨਵੀਨ ਫੋਗਾਟ ਦੀ ਭੂਮਿਕਾ ਆਈ ਸਾਹਮਣੇ
ਬਾਅਦ ’ਚ ਗੋਇਲ ਨੂੰ ਪਤਾ ਲੱਗਾ ਕਿ ਲੁੱਟ ਦੀ ਇਸ ਸਾਜ਼ਿਸ਼ ’ਚ ਐੱਸ ਆਈ ਨਵੀਨ ਫੋਗਾਟ, ਦੋ ਕਾਂਸਟੇਬਲ ਸ਼ਿਵ ਕੁਮਾਰ ਤੇ ਵਰਿੰਦਰ ਸਿੰਘ ਅਤੇ ਇਕ ਪ੍ਰਾਈਵੇਟ ਵਿਅਕਤੀ ਵਜਿੰਦਰ ਸਿੰਘ ਗਿੱਲ ਵੀ ਸ਼ਾਮਲ ਸਨ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਉਸ ਵੇਲੇ ਨਵੀਨ ਫੋਗਾਟ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਤੇ ਕਾਫ਼ੀ ਸਮੇਂ ਬਾਅਦ ਅਦਾਲਤ ’ਚ ਜਾ ਕੇ ਸਰੰਡਰ ਕੀਤਾ ਸੀ।