ਨਗਰ ਨਿਗਮ ਨੇ ਕੂੜਾ ਸੁੱਟਣ ਵਾਲਿਆਂ ਨਾਲ ਵਰਤੀ ਸਖ਼ਤੀ
ਨਗਰ ਨਿਗਮ ਨੇ ਮਨੀਮਾਜਰਾ ਵਿੱਚ ਕੂੜਾ ਸੁੱਟਣ ਵਾਲਿਆਂ ਨਾਲ ਸਖ਼ਤੀ ਵਰਤੀ
Publish Date: Mon, 17 Nov 2025 08:16 PM (IST)
Updated Date: Mon, 17 Nov 2025 08:19 PM (IST)

- ਜੁਰਮਾਨਾ ਲਾਇਆ ਤੇ ਕੂੜਾ ਘਰ ਪਹੁੰਚਾਇਆ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਨਗਰ ਨਿਗਮ ਕਮਿਸ਼ਨਰ ਦੇ ਨਿਰਦੇਸ਼ ’ਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ। ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਦੀਆਂ ਤਸਵੀਰਾਂ ਖਿੱਚ ਕੇ ਉਸ ਦੀ ਲੋਕੇਸ਼ਨ ਸਮੇਤ ਐੱਮਸੀ ਐਪ ’ਤੇ ਅਪਲੋਡ ਕਰਨ। ਖੇਤਰੀ ਇੰਸਪੈਕਟਰ ਵੱਲੋਂ ਕੂੜਾ ਸੁੱਟਣ ਵਾਲਿਆਂ ਚਾਲਾਨ ਜਾਰੀ ਕੀਤੇ ਜਾ ਰਹੇ ਹਨ। ਇਸ ਮੁਹਿੰਮ ਵਿੱਚ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਲਈ ਨਾਗਰਿਕਾਂ ਨੂੰ ਜਾਣਕਾਰੀ ਦੇਣ ’ਤੇ 250 ਰੁਪਏ ਦਾ ਇਨਾਮ ਵੀ ਦਿੱਤਾ ਜਾ ਰਿਹਾ ਹੈ। ਮੁਹਿੰਮ ਤਹਿਤ ਵਾਰਡ ਨੰਬਰ 5 ਮੋਰੀ ਗੇਟ ਅਤੇ ਵਾਰਡ ਨੰਬਰ 6 ਗੋਵਿੰਦਪੁਰਾ ਮਨੀਮਾਜਰਾ ਵਿੱਚ ਇੱਕ ਵਿਲੱਖਣ ਜਾਗਰੂਕਤਾ ਸਰਗਰਮੀ ਕਰਵਾਈ ਗਈ। ਰਵਾਇਤੀ ਢੋਲ-ਨਗਾੜਿਆਂ ਦੇ ਨਾਲ ਨਿਗਮ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ, ਜੋ ਕੈਮਰੇ ਵਿੱਚ ਕੂੜਾ ਫੈਲਾਉਂਦੇ ਕੈਦ ਹੋਏ ਸਨ। ਮੌਕੇ ’ਤੇ ਹੀ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਵੱਲੋਂ ਸੁੱਟਿਆ ਕੂੜਾ ਵਾਪਸ ਦਿੱਤਾ ਗਿਆ ਅਤੇ 13,401 ਰੁਪਏ ਦੇ ਚਾਲਾਨ ਜਾਰੀ ਕੀਤੇ ਗਏ। ਇਸ ਪ੍ਰਭਾਵਸ਼ਾਲੀ ਪਹਿਲ ਦਾ ਉਦੇਸ਼ ਆਦਤਨ ਕੂੜਾ ਫੈਲਾਣ ਵਾਲਿਆਂ ਵਿੱਚ ਜ਼ਿੰਮੇਵਾਰੀ ਅਤੇ ਸ਼ਰਮ ਦੀ ਭਾਵਨਾ ਜਗਾਉਣਾ ਸੀ। ਮਨੀਮਾਜਰਾ ਖੇਤਰ ਵਿੱਚ ਇਹ ਕਾਰਵਾਈਆਂ ਸੈਨਿਟਰੀ ਇੰਸਪੈਕਟਰ ਦੇਵੇਂਦਰ ਰੋਹਿੱਲਾ ਦੀ ਅਗਵਾਈ ਹੇਠ ਕੀਤੀਆਂ ਗਈਆਂ।