ਮਰਸਡੀਜ਼ ਤੇ ਐਂਬੂਲੈਂਸ ਵਿਚ ਜ਼ਬਰਦਸਤ ਟੱਕਰ, ਦੋਵੇਂ ਵਾਹਨ ਨੁਕਸਾਨੇ
ਮਰਸਡੀਜ਼ ਤੇ ਐੰਬੂਲੈਂਸ ਵਿਚ ਜ਼ਬਰਦਸਤ ਟੱਕਰ, ਦੋਵੇਂ ਵਾਹਨ ਨੁਕਸਾਨੇ ਗਏ
Publish Date: Sat, 15 Nov 2025 06:13 PM (IST)
Updated Date: Sat, 15 Nov 2025 06:14 PM (IST)

ਹਾਰਟ ਮਰੀਜ਼ ਨੂੰ ਦੂਜੀ ਐਂਬੂਲੈਂਸ ਰਾਹੀਂ ਪੀਜੀਆਈ ਭੇਜਿਆ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਨੀਵਾਰ ਦੁਪਹਿਰ ਸੈਕਟਰ-16 ਹਸਪਤਾਲ ਦੇ ਸਾਹਮਣੇ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ ਇਕ ਮਰਸਡੀਜ਼ ਕਾਰ ਅਤੇ ਐਂਬੂਲੈਂਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਿਤ ਰਿਹਾ। ਜਾਣਕਾਰੀ ਅਨੁਸਾਰ ਮਰਸਡੀਜ਼ ਕਾਰ ਸੈਕਟਰ-16 ਲਾਈਟ ਪੁਆਇੰਟ ’ਤੇ ਲਾਲ ਬੱਤੀ ਹੋਣ ਕਰ ਕੇ ਰੁਕੀ ਹੋਈ ਸੀ, ਤਦ ਹੀ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਐਂਬੂਲੈਂਸ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਨਾਲ ਐਂਬੂਲੈਂਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਡੈਮੇਜ਼ ਹੋ ਗਿਆ ਤੇ ਮਰਸਡੀਜ਼ ਵੀ ਪਿੱਛੋਂ ਦਬ ਗਈ। ਜਾਣਕਾਰੀ ਅਨੁਸਾਰ ਐਂਬੂਲੈਂਸ ਵਿੱਚ ਹਾਰਟ ਦਾ ਗੰਭੀਰ ਮਰੀਜ਼ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ਲੇਹ-ਲੱਦਾਖ ਤੋਂ ਫਲਾਈਟ ਰਾਹੀਂ ਚੰਡੀਗੜ੍ਹ ਏਅਰਪੋਰਟ ਲਿਆਂਦਾ ਗਿਆ ਸੀ, ਜਿੱਥੋਂ ਐਂਬੂਲੈਂਸ ਉਸਨੂੰ ਪੀਜੀਆਈ ਲੈ ਜਾ ਰਹੀ ਸੀ। ਪਰ ਜਿਵੇਂ ਹੀ ਸੈਕਟਰ-16 ਹਸਪਤਾਲ ਦੇ ਸਾਹਮਣੇ ਪਹੁੰਚੇ, ਇਹ ਹਾਦਸਾ ਹੋ ਗਿਆ। ਟੱਕਰ ਦੇ ਬਾਅਦ ਐਂਬੂਲੈਂਸ ਡਰਾਈਵਰ ਅਤੇ ਸਟਾਫ਼ ਨੇ ਤੁਰੰਤ ਮਰੀਜ਼ ਦੀ ਸਥਿਤੀ ਸੰਭਾਲੀ। ਫਿਰ ਤੁਰੰਤ ਦੂਜੀ ਐਂਬੂਲੈਂਸ ਬੁਲਾਈ ਗਈ ਅਤੇ ਮਰੀਜ਼ ਨੂੰ ਉਸ ਵਿਚ ਸ਼ਿਫਟ ਕਰ ਕੇ ਪੀਜੀਆਈ ਭੇਜ ਦਿੱਤਾ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸੈਕਟਰ-16 ਥਾਣਾ ਪੁਲਿਸ ਅਤੇ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚ ਗਈ। ਦੋਵੇਂ ਵਾਹਨਾਂ ਨੂੰ ਸੜਕ ਕਿਨਾਰੇ ਕਰ ਕੇ ਟ੍ਰੈਫਿਕ ਮੁੜ ਸੁਚਾਰੂ ਕੀਤਾ ਗਿਆ। ਪੁਲਿਸ ਅਨੁਸਾਰ ਹਾਦਸੇ ਦੇ ਕਰਨਾ ਦੀ ਜਾਂਚ ਜਾਰੀ ਹੈ।