ਮੋਹਾਲੀ ਕੰਜ਼ਿਊਮਰ ਕਮਿਸ਼ਨ ਪ੍ਰਧਾਨ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਹਸਪਤਾਲ ਅਤੇ ਸਰਜਰੀ ਕਰਨ ਵਾਲੇ ਡਾਕਟਰ ਗੁਨਰਾਜ ਨੂੰ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਹੈ। ਕਮਿਸ਼ਨ ਨੇ ਦੋਵਾਂ ਨੂੰ ਪੀੜਤ ਔਰਤ ਨੂੰ ਇਲਾਜ ਦੇ ਖਰਚੇ ਵਜੋਂ 9.25 ਲੱਖ ਰੁਪਏ, 10 ਲੱਖ ਰੁਪਏ ਮੁਆਵਜ਼ਾ ਤੇ 25 ਹਜ਼ਾਰ ਰੁਪਏ ਕਾਨੂੰਨੀ ਖਰਚੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।

ਜਾਗਰਣ ਪੱਤਰਕਾਰ, ਮੋਹਾਲੀ : ਖਰੜ ਸਥਿਤ ਐਸਕੇ ਹਸਪਤਾਲ ਐਂਡ ਡਾਇਗਨੋਸਟਿਕ ਸੈਂਟਰ ਅਤੇ ਇਸ ਦੇ ਡਾਕਟਰ ਗੁਨਰਾਜ ਨੂੰ 19.50 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਔਰਤ ਦੇ ਆਪ੍ਰੇਸ਼ਨ 'ਚ ਲਾਪਰਵਾਹੀ ਦੇ ਮਾਮਲੇ 'ਚ ਉਪਭੋਗਤਾ ਕਮਿਸ਼ਨ (ਕੰਜ਼ਿਊਮਰ ਕੋਰਟ) ਨੇ ਇਹ ਫੈਸਲਾ ਸੁਣਾਇਆ ਹੈ।
ਇੱਥੇ ਇਕ ਔਰਤ ਦੀ ਬੱਚੇਦਾਨੀ ਦੇ ਆਪ੍ਰੇਸ਼ਨ ਦੌਰਾਨ ਡਾਕਟਰ ਨੇ ਉਸ ਦੇ ਪੇਟ 'ਚ ਕੱਪੜੇ ਦਾ ਇਕ ਟੁਕੜਾ ਛੱਡ ਦਿੱਤਾ। ਔਰਤ ਨੂੰ ਗੰਭੀਰ ਇਨਫੈਕਸ਼ਨ ਹੋ ਗਿਆ। ਉਸ ਦੀ ਜਾਨ ਬਚਾਉਣ ਲਈ ਦੂਜੀ ਸਰਜਰੀ ਵਿਚ ਉਸ ਦੀ ਲਗਪਗ 2.5 ਫੁੱਟ ਅੰਤੜੀ ਕੱਟਣੀ ਪਈ।
ਇਸ ਮਾਮਲੇ 'ਚ ਮੋਹਾਲੀ ਕੰਜ਼ਿਊਮਰ ਕਮਿਸ਼ਨ ਪ੍ਰਧਾਨ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਹਸਪਤਾਲ ਅਤੇ ਸਰਜਰੀ ਕਰਨ ਵਾਲੇ ਡਾਕਟਰ ਗੁਨਰਾਜ ਨੂੰ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਹੈ। ਕਮਿਸ਼ਨ ਨੇ ਦੋਵਾਂ ਨੂੰ ਪੀੜਤ ਔਰਤ ਨੂੰ ਇਲਾਜ ਦੇ ਖਰਚੇ ਵਜੋਂ 9.25 ਲੱਖ ਰੁਪਏ, 10 ਲੱਖ ਰੁਪਏ ਮੁਆਵਜ਼ਾ ਤੇ 25 ਹਜ਼ਾਰ ਰੁਪਏ ਕਾਨੂੰਨੀ ਖਰਚੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਰਹਿਣ ਵਾਲੀ 46 ਸਾਲਾ ਚੰਦਾ ਨੇ ਦੱਸਿਆ ਕਿ ਪੇਟਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੇ ਖਰੜ ਦੇ ਐਸਕੇ ਹਸਪਤਾਲ 'ਚ ਚੈੱਕਅਪ ਕਰਵਾਇਆ ਸੀ। ਉੱਥੇ 16 ਸਤੰਬਰ 2020 ਨੂੰ ਡਾਕਟਰ ਗੁਨਰਾਜ ਨੇ ਉਸ ਦੀ ਸਰਜਰੀ ਕੀਤੀ। ਛੁੱਟੀ ਮਿਲਣ ਤੋਂ ਬਾਅਦ ਵੀ ਉਸ ਦਾ ਦਰਦ ਘੱਟ ਨਹੀਂ ਹੋਇਆ ਤੇ ਤਬੀਅਤ ਵਿਗੜ ਗਈ।
ਇਸ ਤੋਂ ਬਾਅਦ ਉਹ ਸੋਨੀਪਤ ਚਲੀ ਗਈ, ਜਿੱਥੇ 6 ਦਸੰਬਰ 2020 ਨੂੰ ਇਕ ਹੋਰ ਹਸਪਤਾਲ 'ਚ ਉਸ ਦੀ ਦੁਬਾਰਾ ਸਰਜਰੀ ਕੀਤੀ ਗਈ। ਇਸ ਸਰਜਰੀ 'ਚ ਪਤਾ ਲੱਗਾ ਕਿ ਪਹਿਲੀ ਸਰਜਰੀ ਦੌਰਾਨ ਉਸ ਦੇ ਪੇਟ 'ਚ ਇਕ ਵੱਡਾ ਕੱਪੜਾ ਰਹਿ ਗਿਆ ਸੀ, ਜਿਸ ਨੇ ਪੇਟ 'ਚ ਇਨਫੈਕਸ਼ਨ ਪੈਦਾ ਕਰ ਦਿੱਤੀ ਸੀ। ਇਸ ਨੂੰ ਫੈਲਣ ਤੋਂ ਰੋਕਣ ਲਈ ਡਾਕਟਰਾਂ ਨੂੰ ਮਹਿਲਾ ਦੀ 2.5 ਫੁੱਟ ਅੰਤੜੀ ਕੱਟਣੀ ਪਈ ਅਤੇ ਕੁਝ ਸਮੇਂ ਲਈ ਸਟੂਲ ਬੈਗ (Stool Bag) ਲਗਾਉਣਾ ਪਿਆ।
ਕੰਜ਼ਿਊਮਰ ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਆਪ੍ਰੇਸ਼ਨ ਦੌਰਾਨ ਮਰੀਜ਼ ਦੇ ਸਰੀਰ 'ਚ ਕੱਪੜਾ ਛੱਡਣਾ ਇਕ ਗੰਭੀਰ ਮੈਡੀਕਲ ਲਾਪਰਵਾਹੀ ਹੈ। ਕਮਿਸ਼ਨ ਨੇ ਐਸਕੇ ਹਸਪਤਾਲ ਤੇ ਡਾਕਟਰ ਗੁਨਰਾਜ ਨੂੰ ਹੁਕਮ ਦਿੱਤਾ ਹੈ ਕਿ ਉਹ 45 ਦਿਨਾਂ ਦੇ ਅੰਦਰ ਔਰਤ ਨੂੰ ਮੈਡੀਕਲ ਖਰਚੇ ਦੇ 9.25 ਲੱਖ ਰੁਪਏ ਮੋੜਨ।
ਇਸ ਦੇ ਨਾਲ ਹੀ ਇਸ ਰਕਮ 'ਤੇ 1 ਦਸੰਬਰ 2020 ਤੋਂ 9 ਫੀਸਦੀ ਵਿਆਜ ਵੀ ਦੇਣਾ ਹੋਵੇਗਾ। ਜੇਕਰ ਉਹ 45 ਦਿਨਾਂ 'ਚ ਪੈਸੇ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ 12 ਫੀਸਦੀ ਵਿਆਜ ਦੇਣਾ ਪਵੇਗਾ। ਇਸ ਤੋਂ ਇਲਾਵਾ ਮਾਨਸਿਕ ਪਰੇਸ਼ਾਨੀ ਲਈ 10 ਲੱਖ ਰੁਪਏ ਅਤੇ ਕੇਸ ਦੇ ਖਰਚੇ ਲਈ 25 ਹਜ਼ਾਰ ਰੁਪਏ ਵੱਖਰੇ ਤੌਰ 'ਤੇ ਦੇਣੇ ਹੋਣਗੇ।