ਓਧਰ ਚੀਫ ਟਾਊਨ ਪਲਾਨਰ (ਸੀਟੀਪੀ) ਪੰਕਜ ਬਾਵਾ ਦੇ ਨਾਲ ਨਾਮਜ਼ਦ ਕੀਤੇ ਗਏ ਹੋਰ ਦੋ ਮੁਲਜ਼ਮ ਬਾਜਵਾ ਡਿਵੈਲਪਰ ਦੇ ਐੱਮਡੀ ਜਰਨੈਲ ਸਿੰਘ ਬਾਜਵਾ ਤੇ ਸੈਵਾ-ਮੁਕਤ ਪਟਵਾਰੀ ਲੇਖਰਾਜ ਹਾਲੇ ਵੀ ਵਿਜੀਲੈਂਸ ਦੀ ਗਿ੍ਰਫਤ ਤੋਂ ਬਾਹਰ ਹਨ। ਵਿਜੀਲੈਂਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ), ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੋਂ ਲਗਪਗ ਇਕ ਦਰਜਨ ਤੋਂ ਵੱਧ ਪ੍ਰਾਜੈਕਟਾਂ ਦਾ ਰਿਕਾਰਡ ਤਲਬ ਕੀਤਾ ਹੈ। ਉਥੇ ਕੁਝ ਪ੍ਰਾਜੈਕਟ ਅਜਿਹੇ ਹਨ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ ਪਰ ਹਾਲੇ ਤੱਕ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਪੁੱਡਾ ਅਤੇ ਗਮਾਡਾ ਤੋਂ ਨਹੀਂ ਮਿਲੀਆਂ ਹਨ। ਵਿਜੀਲੈਂਸ ਵੱਲੋਂ ਪੁੱਛਿਆ ਗਿਆ ਹੈ ਕਿ ਬਿਨਾਂ ਮਨਜ਼ੂਰੀਆਂ ਦੇ ਪ੍ਰਾਜੈਕਟਾਂ ਦਾ ਕੰਮ ਕਿਵੇਂ ਚੱਲ ਰਿਹਾ ਹੈ। ਹਾਲੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਨ੍ਹਾਂ ਪ੍ਰਾਜੈਕਟਾਂ ਦੀ ਫਾਈਲ ਜਿਨ੍ਹਾਂ-ਜਿਨ੍ਹਾਂ ਅਧਿਕਾਰੀਆਂ ਵੱਲੋਂ ਟੇਬਲ ਤੋਂ ਨਿਕਲੀ ਹਨ, ਉਹ ਸਾਰੇ ਵਿਜੀਲੈਂਸ ਦੇ ਰਾਡਾਰ ’ਤੇ ਹਨ।
ਉਥੇ ਵਿਜੀਲੈਂਸ ਦੇ ਰਾਡਾਰ ’ਤੇ ਕੁਝ ਆਰਕੀਟੈਕਟ ਵੀ ਹਨ। ਆਰਕੀਟੈਕਟਾਂ ਨੂੰ ਵਿਜੀਲੈਂਸ ਬੁਲਾ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਆਰਕੀਟੈਕਟਾਂ ਜ਼ਰੀਏ ਹੀ ਫਾਈਲ ਗਮਾਡਾ ’ਚ ਪਾਸ ਹੋਣ ਲਈ ਪਹੁੰਚਦੀ ਸੀ। ਕੇਵਲ ਉਸੇ ਪ੍ਰਾਜੈਕਟ ਨੂੰ ਪਾਸ ਕੀਤਾ ਜਾਂਦਾ ਸੀ, ਜਿਸ ਨੂੰ ਆਰਕੀਟੈਕਟਾਂ ਵੱਲੋਂ ਹਰੀ ਝੰਡੀ ਮਿਲਦੀ ਸੀ। ਬਾਕੀ ਦੀਆਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾਂਦਾ ਸੀ।
ਓਧਰ ਚੀਫ ਟਾਊਨ ਪਲਾਨਰ (ਸੀਟੀਪੀ) ਪੰਕਜ ਬਾਵਾ ਦੇ ਨਾਲ ਨਾਮਜ਼ਦ ਕੀਤੇ ਗਏ ਹੋਰ ਦੋ ਮੁਲਜ਼ਮ ਬਾਜਵਾ ਡਿਵੈਲਪਰ ਦੇ ਐੱਮਡੀ ਜਰਨੈਲ ਸਿੰਘ ਬਾਜਵਾ ਤੇ ਸੈਵਾ-ਮੁਕਤ ਪਟਵਾਰੀ ਲੇਖਰਾਜ ਹਾਲੇ ਵੀ ਵਿਜੀਲੈਂਸ ਦੀ ਗਿ੍ਰਫਤ ਤੋਂ ਬਾਹਰ ਹਨ। ਵਿਜੀਲੈਂਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਖਰੜ, ਡੇਰਾਬਸੀ, ਜ਼ੀਰਕਪੁਰ ਨਗਰ ਕੌਂਸਲਾਂ ਤਹਿਤ ਆਉਣ ਵਾਲੀਆਂ ਪ੍ਰਾਪਰਟੀਆਂ ਦਾ ਰਿਕਾਰਡ ਵੀ ਤਲਬ ਕੀਤਾ ਗਿਆ ਹੈ। ਦੋਸ਼ ਹੈ ਕਿ ਸੀਟੀਪੀ ਵੱਲੋਂ 178 ਏਕੜ ਦੇ ਬਾਜਵਾ ਡਿਵੈਲਪਰ ਦੇ ਪ੍ਰਾਜੈਕਟ ਗਲਤ ਤਰੀਕੇ ਨਾਲ ਪਾਸ ਕੀਤੇ ਗਏ। ਇਹ ਸਾਰੇ ਪ੍ਰਾਜੈਕਟ ਇਨ੍ਹਾਂ ਨਗਰ ਕੌਂਸਲਾਂ ਅਧੀਨ ਆਉਂਦੇ ਹਨ।
ਯਾਦ ਰਹੇ ਕਿ ਪਿਛਲੇ 15 ਸਾਲਾਂ ’ਚ ਪੰਕਜ ਬਾਵਾ ਇਕ ਹੀ ਜਗ੍ਹਾ ’ਤੇ ਤਾਇਨਾਤ ਸੀ। ਉਸ ਦਾ ਕਿਤੇ ਦੂਸਰੀ ਜਗ੍ਹਾ ’ਤੇ ਤਬਾਦਲਾ ਨਹੀਂ ਕੀਤਾ ਗਿਆ। ਹੁਣ ਇਸ ਮਾਮਲੇ ਵਿਚ ਪੰਕਜ ਬਾਵਾ ਦੇ ਨਾਲ ਜੁੜੇ ਸਟਾਫ ਨੂੰ ਵਿਜੀਲੈਂਸ ਦਫਤਰ ’ਚ ਬੁਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਪੁੱਛਗਿੱਛ ਵਿਚ ਅਹਿਮ ਖ਼ੁਲਾਸੇ ਹੋ ਸਕਣ।