ਮੁਹਾਲੀ ਪੁਲਿਸ ਵੱਲੋਂ ਇਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
ਮੁਹਾਲੀ ਪੁਲਿਸ ਵੱਲੋਂ ਇਕ ਪਿਸਤੌਲ ਅਤੇ 2 ਜਿੰਦਾ ਕਾਰਤੂਸਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
Publish Date: Wed, 24 Dec 2025 08:02 PM (IST)
Updated Date: Wed, 24 Dec 2025 08:04 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਇਕ ਪਿਸਤੌਲ, 2 ਜਿੰਦਾ ਕਾਰਤੂਸਾਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਇੰਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਕ੍ਰਿਸ਼ਚਨ ਸਕੂਲ, ਖਰੜ ਨੇੜੇ ਮੌਜੂਦ ਸੀ ਅਤੇ ਨਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ ’ਤੇ ਕਾਲੇ ਰੰਗ ਦੀ ਕਾਰ (ਜਿਸ ਵਿਚ ਦੋ ਵਿਅਕਤੀ ਸਵਾਰ ਸਨ) ਨੂੰ ਰੋਕਿਆ ਗਿਆ ਅਤੇ ਗੱਡੀ ਦੀ ਤਲਾਸ਼ੀ ਕਰਨ ’ਤੇ ਗੱਡੀ ਦੇ ਡੈਸ਼ਬੋਰਡ ਵਿਚੋਂ ਇਕ ਪਿਸਤੌਲ ( ਪੁਆਇੰਟ 32 ਬੋਰ ਸਮੇਤ 2 ਜਿੰਦਾ ਰੌਂਦ) ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਜਗਤਾਰ ਸਿੰਘ ਉਰਫ਼ ਜੱਗੀ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਬਡਾਲੀ ਆਲਾ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਦੰਸ਼ਵੀਰ ਸਿੰਘ ਵਾਸੀ ਪਿੰਡ ਕਲੌੜ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ (ਉਮਰ 46 ਸਾਲ) 10 ਕਲਾਸਾਂ ਪਾਸ ਅਤੇ ਸ਼ਾਦੀ-ਸ਼ੁਦਾ ਹੈ ਅਤੇ ਉਸਦੇ ਵਿਰੁੱਧ ਪਹਿਲਾਂ ਵੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਥਾਣਿਆਂ ਵਿਚ 3 ਨਸ਼ਾ ਤਸਕਰੀ ਦੇ ਮੁਕੱਦਮੇ ਅਤੇ ਥਾਣਾ ਰਾਜਪੁਰਾ ਵਿਖੇ ਇਕ ਕਤਲ ਕੇਸ ਦਾ ਮੁਕੱਦਮਾ ਦਰਜ ਹੈ। ਦੂਜਾ ਆਰੋਪੀ ਦੰਸ਼ਵੀਰ ਸਿੰਘ (ਉਮਰ 27 ਸਾਲ) ਬਾਰਾਂ ਕਲਾਸਾਂ ਪਾਸ ਹੈ ਅਤੇ ਅਣ-ਵਿਆਹਿਆ ਹੈ। ਉਸਦੇ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਪੁਲਿਸ ਰਿਮਾਂਡ ਅਧੀਨ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਾਜਾਇਜ਼ ਅਸਲਾ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਖ਼ਰੀਦ ਕਰਕੇ ਲਿਆਏ ਸੀ।