ਮੁਹਾਲੀ ਕਾਰਨੀਵਾਲ : ਪੰਜਾਬ ਸਾਖੀ ਸ਼ਕਤੀ ਮੇਲਾ-ਸੈੱਲਫ ਹੈਲਪ ਗਰੁੱਪਾਂ ਅਤੇ ਐੱਮਐੱਸਐੱਮਈਜ਼ ਦੇ ਉਤਪਾਦਾਂ ਲਈ ਢੁਕਵਾਂ ਮਾਰਕੀਟਿੰਗ ਮੰਚ ਪ੍ਰਦਾਨ ਕਰੇਗਾ : ਡੀਸੀ
ਮੁਹਾਲੀ ਕਾਰਨੀਵਾਲ : ਪੰਜਾਬ ਸਾਖੀ
Publish Date: Wed, 28 Jan 2026 06:25 PM (IST)
Updated Date: Wed, 28 Jan 2026 06:28 PM (IST)

ਪਹਿਲੇ ਦਿਨ 30 ਜਨਵਰੀ ਨੂੰ ਕੰਵਰ ਗਰੇਵਾਲ ਦੀ ਸੰਗੀਤਕ ਸ਼ਾਮ ਨਾਲ ਹੋਵੇਗੀ ਸ਼ੁਰੂਆਤ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਜਨਵਰੀ ਤੋਂ 8 ਫਰਵਰੀ ਤੱਕ ਸੈਕਟਰ-88, ਮੁਹਾਲੀ ਸਥਿਤ ਸਰਸ ਮੇਲਾ ਗਰਾਊਂਡ ਵਿਖੇ ਮੁਹਾਲੀ ਕਾਰਨੀਵਾਲ; ਪੰਜਾਬ ਸਾਖੀ ਸ਼ਕਤੀ ਮੇਲਾ ਆਯੋਜਿਤ ਕੀਤਾ ਜਾਵੇਗਾ। ਇਸ ਮੇਲੇ ਦਾ ਉਦੇਸ਼ ਸਵੈ-ਸਹਾਇਤਾ ਸਮੂਹਾਂ ਅਤੇ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦਿੱਤੀ। ਮੇਲੇ ਦੇ ਸੁਚੱਜੇ ਅਤੇ ਸਫ਼ਲ ਆਯੋਜਨ ਲਈ ਸਬੰਧਤ ਵਿਭਾਗਾਂ ਨਾਲ ਵਿਸਥਾਰਪੂਰਕ ਬੈਠਕ ਕਰਦਿਆਂ ਡੀਸੀ ਨੇ ਕਿਹਾ ਕਿ ਮੁਹਾਲੀ ਕਾਰਨੀਵਾਲ ਸਿਰਫ਼ ਉਤਪਾਦਾਂ ਦੀ ਮਾਰਕੀਟਿੰਗ ਲਈ ਮੰਚ ਹੀ ਨਹੀਂ ਦੇਵੇਗਾ, ਸਗੋਂ ਲੋਕਾਂ ਦੀ ਮਨੋਰੰਜਨ ਅਤੇ ਰੁਚੀ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚ ਰੰਗਾਰੰਗ ਸੰਗੀਤਕ ਸ਼ਾਮਾਂ, ਸਟੇਜ ਕਲਾਕਾਰ ਪ੍ਰਦਰਸ਼ਨ, ਫੈਸ਼ਨ ਸ਼ੋਅ, ਰਵਾਇਤੀ ਨਾਚ ਅਤੇ ਹੋਰ ਕਈ ਦਿਲ ਖਿਚਵੀਆਂ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ, 30 ਜਨਵਰੀ ਨੂੰ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਦੀ ਸੰਗੀਤਕ ਸ਼ਾਮ ਨਾਲ ਕਾਰਨੀਵਾਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ, ਝੂਲੇ, ਰਾਈਡਜ਼ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵੀ ਮੇਲੇ ਦਾ ਅਹਿਮ ਹਿੱਸਾ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਬੈਠਕ ਵਿਚ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਿਹਾਇਸ਼, ਰੋਜ਼ਾਨਾ ਸਫ਼ਾਈ, ਪੀਣ ਵਾਲਾ ਪਾਣੀ, ਬਿਜਲੀ, ਪਖ਼ਾਨੇ ਬਲਾਕ, ਮੈਡੀਕਲ ਟੀਮਾਂ, ਕਾਨੂੰਨ-ਵਿਵਸਥਾ ਅਤੇ ਟ੍ਰੈਫਿਕ/ਪਾਰਕਿੰਗ ਦੀ ਸੁਚੱਜੀ ਵਿਵਸਥਾ ਸਮੇਤ ਹਰ ਪੱਖ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਕਮੀ ਨਾ ਰਹੇ ਅਤੇ ਇਹ ਸਮਾਗਮ ਭਾਗੀਦਾਰਾਂ ਅਤੇ ਆਉਣ ਵਾਲੇ ਲੋਕਾਂ ਲਈ ਯਾਦਗਾਰ ਸਾਬਤ ਹੋਵੇ। ਬੈਠਕ ਵਿਚ ਏਡੀਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐੱਸਡੀਐੱਮ ਖਰੜ ਦਿਵਿਆ ਪੀ., ਐੱਸਡੀਐੱਮ ਮੁਹਾਲੀ ਦਮਨਦੀਪ ਕੌਰ, ਰੀਜਨਲ ਟਰਾਂਸਪੋਰਟ ਅਫ਼ਸਰ ਰਾਜਪਾਲ ਸਿੰਘ ਸੇਖੋਂ, ਮੁੱਖ ਮੰਤਰੀ ਫੀਲਡ ਅਫ਼ਸਰ ਗੁਰਮੀਤ ਸਿੰਘ ਸੋਹੀ, ਡੀਡੀਪੀਓ ਪਰਮਬੀਰ ਕੌਰ, ਨਗਰ ਨਿਗਮ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਪਾਲ ਹਾਜ਼ਰ ਸਨ।