ਵਿਧਾਇਕ ਰੰਧਾਵਾ ਨੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਵਿਧਾਇਕ ਰੰਧਾਵਾ ਨੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
Publish Date: Thu, 11 Dec 2025 05:56 PM (IST)
Updated Date: Thu, 11 Dec 2025 05:57 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੂਬੇ ਵਿਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਹਲਕਾ ਡੇਰਾਬੱਸੀ ਦੇ ਬਲਾਕ ਸੰਮਤੀ ਦੇ ਉਮੀਦਵਾਰ ਪ੍ਰਦੀਪ ਸੱਚਦੇਵਾ, ਮੁਕੇਸ਼ ਕੁਮਾਰ, ਗੀਤਾ ਰਾਣੀ ਧਰਮਪਤਨੀ ਡਾ. ਟਿੰਕੂ, ਰਾਜ ਰਾਣੀ ਧਰਮਪਤਨੀ ਅਸ਼ੋਕ ਕੁਮਾਰ ਸੋਕੀ, ਜਸਵਿੰਦਰ ਕੌਰ, ਜਤਿੰਦਰ ਰੋਮੀ ਲਈ ਕਈ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਕੀਤੀ। ਦੌਰੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਚੋਣਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿੰਡ ਪੱਧਰ ਤੇ ਪਾਰਦਰਸ਼ਤਾ, ਵਿਕਾਸ ਅਤੇ ਲੋਕ-ਕੇਂਦਰਿਤ ਨੀਤੀਆਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 4 ਸਾਲਾ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ, ਜਿਵੇਂ ਕਿ ਪਿੰਡਾਂ ਵਿਚ ਸਾਫ਼ ਪੀਣਯੋਗ ਪਾਣੀ ਤੇ ਸੀਵਰੇਜ ਪ੍ਰੋਜੈਕਟਾਂ ਨੂੰ ਰਫ਼ਤਾਰ, ਪਿੰਡਾਂ ਦੀਆਂ ਸੜਕਾਂ ਤੇ ਲਿੰਕ ਰਸਤੇ ਮਜ਼ਬੂਤੀ, ਸਰਕਾਰੀ ਸਕੂਲਾਂ ਦੀ ਮਾਡਲ ਸਕੂਲਾਂ ਵਜੋਂ ਨਵੀਂ ਰੂਪ-ਰੇਖਾ ਦੇਣਾ, ਆਮ ਆਦਮੀ ਕਲੀਨਿਕ ਰਾਹੀਂ ਪਿੰਡ ਪੱਧਰ ’ਤੇ ਸਿਹਤ ਸੁਵਿਧਾਵਾਂ ਦਾ ਵਿਸਥਾਰ, ਕਰਪਸ਼ਨ ਤੇ ਸਖ਼ਤ ਕਾਰਵਾਈ, ਜਿਸ ਨਾਲ ਪਿੰਡ ਪੱਧਰੀ ਫੰਡਾਂ ਦੀ ਲੁੱਟ ਰੁਕੀ। ਲੋਕਾਂ ਲਈ 300 ਯੂਨਿਟ ਤੱਕ ਮੁਫ਼ਤ ਬਿਜਲੀ ਜਿਸ ਨਾਲ ਲੋਕਾਂ ’ਤੇ ਹਰ ਮਹੀਨੇ ਪੈਣ ਵਾਲਾ ਆਰਥਿਕ ਬੋਝ ਘਟਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਿੰਡਾਂ ਦੇ ਵਿਕਾਸ ਦੀ ਨਵੀਂ ਦਿਸ਼ਾ ਤੈਅ ਕਰਨਗੀਆਂ ਅਤੇ ਲੋਕਾਂ ਨੂੰ ਮੌਕਾ ਮਿਲੇਗਾ ਕਿ ਉਹ ਸੱਚੇ ਤੇ ਸਮਰੱਥ ਪਿੰਡ ਪ੍ਰਤਿਨਿਧੀਆਂ ਦੀ ਚੋਣ ਕਰਨ। ਵਿਧਾਇਕ ਰੰਧਾਵਾ ਨੇ ਵੀਰਵਾਰ ਨੂੰ ਪਿੰਡ ਭਾਂਖਰਪੁਰ, ਸਤਾਬਗੜ੍ਹ, ਤ੍ਰਿਵੇਦੀ ਕੈਂਪ (ਸਾਧ ਨਗਰ ਕਾਲੋਨੀ), ਹੈਬਤਪੁਰ, ਕਕਰਾਲੀ, ਮੋਰਠੀਕਰੀ, ਦਫਰਪੁਰ, ਗੁਰੂ ਨਾਨਕ ਕਾਲੋਨੀ, ਖੇੜੀ ਗੁੱਜਰਾਂ, ਸਮਗੌਲੀ, ਪੁਨਸਰ, ਮੀਆਂਪੁਰ, ਬਿਜਨਪੁਰ, ਮੁਕੰਦਪੁਰ, ਜਵਾਹਰਪੁਰ ਅਤੇ ਸਾਧ ਨਗਰ ਕਾਲੋਨੀ ਸਣੇ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ 14 ਦਸੰਬਰ ਨੂੰ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੀਤੇ ਵਿਕਾਸ-ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਸਮਰਥਨ ਦੇਣਗੇ।